ਚੰਡੀਗੜ੍ਹ: ਕੈਬਨਿਟ ਮੰਤਰੀ ਨਵਜੋਤ ਸਿੱਧੂ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਚਾਲੇ ਕਲੇਸ਼ ਨੂੰ ਲੈ ਕੇ ਭੇਤ ਬਰਕਰਾਰ ਹੈ। ਕਾਂਗਰਸ ਦੇ ਅੰਦਰ ਵੀ ਇਸ ਗੱਲ ਨੂੰ ਲੈ ਕੇ ਚਰਚਾ ਹੈ ਕਿ ਇਹ ਸਿੱਧੂ ਬਨਾਮ ਕੈਪਟਨ ਲੜਾਈ ਕੀ ਰੂਪ ਲਏਗੀ। ਸਿੱਧੂ ਦੀ ਸੋਮਵਾਰ ਨੂੰ ਦਿੱਲੀ ਵਿੱਚ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਮਗਰੋਂ ਹੁਣ ਕਈ ਕਿਆਸਰਾਈਆਂ ਲਾਈਆਂ ਜਾ ਰਹੀਆਂ ਹਨ ਪਰ ਸਥਿਤੀ ਅਜੇ ਤੱਕ ਸਪਸ਼ਟ ਨਹੀਂ ਹੋਈ। ਉਂਝ ਰਾਹੁਲ ਨੇ ਸੀਨੀਅਰ ਲੀਡਰ ਅਹਿਮਦ ਪਟੇਲ ਨੂੰ ਇਹ ਮੁੱਦਾ ਹੱਲ਼ ਕਰਨ ਦੀ ਜ਼ਿੰਮੇਵਾਰੀ ਸੌਂਪੀ ਹੈ।


ਨਵਜੋਤ ਸਿੱਧੂ ਨੇ ਅਜੇ ਤੱਕ ਨਵੇਂ ਮਿਲੇ ਬਿਜਲੀ ਮਹਿਕਮੇ ਦਾ ਕਾਰਜਭਾਰ ਵੀ ਨਹੀਂ ਸੰਭਾਲਿਆ। ਉਨ੍ਹਾਂ ਨੇ ਦਿੱਲੀ ਤੋਂ ਪਰਤ ਕੇ ਮੀਡੀਆ ਨੂੰ ਵੀ ਕੁਝ ਦੱਸਣ ਤੋਂ ਗੁਰੇਜ਼ ਕੀਤਾ ਹੈ। ਉਂਝ ਸਿੱਧੂ ਦੀ ਇਸ ਮੀਟਿੰਗ ਦੇ ਕਈ ਅਰਥ ਕੱਢੇ ਜਾ ਰਹੇ ਹਨ। ਇਨ੍ਹੀਂ ਦਿਨੀਂ ਰਾਹੁਲ ਗਾਂਧੀ ਕਿਸੇ ਵੀ ਲੀਡਰ ਨੂੰ ਮਿਲਣ ਦਾ ਸਮਾਂ ਨਹੀਂ ਦੇ ਰਹੇ। ਇੱਥੋਂ ਤੱਕ ਕੇ ਕੈਪਟਨ ਅਮਰਿੰਦਰ ਨੂੰ ਵੀ ਮੀਟਿੰਗ ਦਾ ਸਮਾਂ ਨਹੀਂ ਮਿਲਿਆ ਸੀ। ਇਸ ਦੇ ਬਾਵਜੂਦ ਸਿੱਧੂ ਦੀ ਮਿਲਣੀ ਕਈ ਸੰਕੇਤ ਦਿੰਦੀ ਹੈ।


ਸੂਤਰਾਂ ਮੁਤਾਬਕ ਰਾਹੁਲ ਗਾਂਧੀ ਨੇ ਸਿੱਧੂ ਨੂੰ ਕੰਮ ਕਰਦੇ ਰਹਿਣ ਲਈ ਕਿਹਾ ਹੈ। ਇਸ ਦੇ ਬਾਵਜੂਦ ਉਨ੍ਹਾਂ ਨੇ ਆਪਣਾ ਅਹੁਦਾ ਨਹੀਂ ਸੰਭਾਲਿਆ। ਚਰਚਾ ਹੈ ਕਿ ਉਹ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਕੇ ਆਮ ਵਿਧਾਇਕ ਬਣੇ ਰਹਿ ਸਕਦੇ ਹਨ। ਬੇਸ਼ੱਕ ਸਿੱਧੂ ਕੋਈ ਵੀ ਫੈਸਲਾ ਲੈਣ ਪਰ ਉਨ੍ਹਾਂ ਨੇ ਸਪਸ਼ਟ ਕਰ ਦਿੱਤਾ ਹੈ ਕਿ ਉਹ ਅੱਗੇ ਵੀ ਆਪਣਾ ਕੈਪਟਨ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਹੀ ਮੰਨਣਗੇ।

ਸਿੱਧੂ ਵੱਲੋਂ ਰਾਹੁਲ ਗਾਂਧੀ ਨੂੰ ਸੌਂਪੀ ਚਿੱਠੀ ਦੀ ਵੀ ਕਾਫੀ ਚਰਚਾ ਹੈ। ਮੰਨਿਆ ਜਾ ਰਿਹਾ ਹੈ ਕਿ ਨਵਜੋਤ ਸਿੱਧੂ ਨੇ ਹਾਈਕਮਾਨ ਨੂੰ ਚਿੱਠੀ ਸੌਂਪ ਕੇ ਪੰਜਾਬ ਦੀ ਸਿਆਸਤ ਬਾਰੇ ਕਈ ਖੁਲਾਸੇ ਕੀਤੇ ਹਨ। ਸਿੱਧੂ ਨੇ ਰਾਹੁਲ ਨੂੰ ਚਿੱਠੀ ਸੌਂਪਦਿਆਂ ਪੰਜਾਬ ਬਾਰੇ ਕਈ ਰਾਜ਼ ਵੀ ਖੋਲ੍ਹੇ ਹਨ। ਸਿੱਧੂ ਨੇ ਇਸ ਚਿੱਠੀ ਨੂੰ ਗੁਪਤ ਰੱਖਦਿਆਂ ਇਸ ਦੇ ਵੇਰਵੇ ਮੀਡੀਆ ਨਾਲ ਸਾਂਝੇ ਕਰਨ ਤੋਂ ਇਨਕਾਰ ਕਰ ਦਿੱਤਾ ਹੈ।

ਚਰਚਾ ਹੈ ਕਿ ਸਿੱਧੂ ਨੇ ਇਸ ਗੁਪਤ ਚਿੱਠੀ ਵਿੱਚ ਸਰਕਾਰ ਦੀਆਂ ਪਿਛਲੀਆਂ ਸਾਰੀਆਂ ਸਰਗਮੀਆਂ ਦੀ ਬਿਓਰਾ ਦਿੱਤਾ ਹੈ ਜਿਸ ਨਾਲ ਪਾਰਟੀ 'ਤੇ ਸਵਾਲ ਉੱਠਦੇ ਰਹੇ ਹਨ। ਸਿੱਧੂ ਨੇ ਮਾਫੀਆ ਨੂੰ ਨੱਥ ਪਾਉਣ ਲਈ ਕਈ ਵਾਰ ਸਰਕਾਰ ਨੂੰ ਸਲਾਹ ਦਿੱਤੀ ਪਰ ਹਰ ਵਾਰ ਇਸ ਮਾਮਲੇ ਨੂੰ ਠੰਢੇ ਬਸਤੇ ਵਿੱਚ ਪਾਇਆ ਜਾਂਦਾ ਰਿਹਾ। ਇਸ ਕਰਕੇ ਹੀ ਕੈਪਟਨ ਸਰਕਾਰ 'ਤੇ ਬਾਦਲਾਂ ਨਾਲ ਮਿਲੇ ਹੋਣ ਦੇ ਇਲਜ਼ਾਮ ਤੱਕ ਲੱਗਦੇ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਸਿੱਧੂ ਨੇ ਇਹ ਸਾਰੀ ਰਿਪੋਰਟ ਰਾਹੁਲ ਗਾਂਧੀ ਨੂੰ ਦਿੱਤੀ ਹੈ ਕਿਉਂਕਿ ਇਹ ਮੁੱਦੇ ਲੋਕ ਸਭਾ ਚੋਣਾਂ ਵਿੱਚ ਕਾਫੀ ਭਾਰੂ ਰਹੇ ਸੀ।