ਪੁਲਿਸ ਵੱਲੋਂ ਬਣਾਈ ਗਈ ਕਹਾਣੀ-
ਪੰਜਾਬ ਦੇ ਡੀਜੀਪੀ ਸੁਰੇਸ਼ ਅਰੋੜਾ ਵੱਲੋਂ ਦੱਸੀ ਗਈ ਕਹਾਣੀ ਮੁਤਾਬਕ ਅਵਤਾਰ ਸਿੰਘ ਦੇ ਪਾਕਿਸਤਾਨ ਦੀ ਆਈਐਸਆਈ ਦੀ ਹਮਾਇਤ ਵਾਲੇ ਕੇਐਲਐਫ ਦੇ ਹਰਮੀਤ ਸਿੰਘ ਹੈਪੀ ਉਰਫ ਪੀਐਚਡੀ ਨਾਲ ਸਬੰਧ ਸਨ। ਹੈਪੀ ਪਾਕਿਸਤਾਨ ਦੀ ਆਈਐਸਆਈ ਦੇ ਇਸ਼ਾਰਿਆਂ ’ਤੇ ਚੱਲਣ ਵਾਲੇ ਤੇ ਪੰਜਾਬ ਆਧਾਰਤ ਅਤਿਵਾਦੀ ਗੁੱਟ ਦਾ ਸਭ ਤੋਂ ਸਰਗਰਮ ਮੈਂਬਰ ਸੀ ਜੋ ਸਰਹੱਦੀ ਸੂਬੇ ਪੰਜਾਬ ਵਿੱਚ ਗਰੀਬ ਤੇ ਭੋਲੇ-ਭਾਲੇ ਨੌਜਵਾਨਾਂ ਨੂੰ ਵਰਗ਼ਲਾ ਕੇ ਅਤਿਵਾਦੀ ਗਤੀਵਿਧੀਆਂ ਕਰਨ ਲਈ ਪ੍ਰੇਰਦਾ ਸੀ।
ਕੌਣ ਹੈ ਅਵਤਾਰ ਸਿੰਘ ?
ਪੁਲਿਸ ਮੁਤਾਬਕ ਪਹਿਲਾਂ ਗ੍ਰਿਫਤਾਰ ਬਿਕਰਮਜੀਤ ਸਿੰਘ ਉਰਫ ਬਿਕਰਮ ਤੋਂ ਕੀਤੀ ਪੁਛਗਿੱਛ ਉਪਰੰਤ ਗ੍ਰਿਫਤਾਰ ਕੀਤਾ ਅਵਤਾਰ ਸਿੰਘ ਚੱਕ ਮਿਸ਼ਰੀ ਖਾਂ ਗਰੈਜੂਏਟ ਹੈ। ਉਹ 2012 ਤੋਂ ਨਿਹੰਗ ਸਿੰਘ ਦੇ ਬਾਣੇ ਵਿੱਚ ਰਹਿੰਦਾ ਹੈ। ਉਹ ਆਪਣੇ ਪਿੰਡ ਵਿੱਚ ਹਕੀਮ ਦਾ ਕੰਮ ਕਰਦਾ ਸੀ। ਉਸ ਦਾ ਕੋਈ ਵੀ ਪੁਰਾਣਾ ਪੁਲਿਸ ਰਿਕਾਰਡ ਨਹੀਂ। ਅਵਤਾਰ ਸਿੰਘ ਪਿਛਲੇ ਕੁਝ ਮਹੀਨਿਆਂ ਤੋਂ ਵਟਸਐਪ ਜ਼ਰੀਏ ਦੁਬਈ ਰਹਿੰਦੇ ਪਾਕਿਸਤਾਨੀ ਨਾਗਰਿਕ ਜਾਵੇਦ ਦੇ ਲਗਾਤਾਰ ਸੰਪਰਕ ਵਿੱਚ ਸੀ।
ਪਾਕਿਸਤਾਨ ਨਾਲ ਜੋੜੇ ਤਾਰ
ਆਪਣੇ ਆਪ ਨੂੰ ਪਾਕਿਸਤਾਨ ਦਾ ਨਾਗਰਿਕ ਕਹਿਣ ਵਾਲਾ ਤੇ ਪੰਜਾਬੀ ਬੋਲਣ ਵਾਲੇ ਇਸ ਸ਼ਖ਼ਸ ਨੇ ਪਿੱਠ ਦੀ ਸਮੱਸਿਆ ਦੇ ਸਬੰਧ ਵਿੱਚ ਅਵਤਾਰ ਨਾਲ ਸੰਪਰਕ ਕੀਤਾ ਸੀ। ਉਸ ਤੋਂ ਬਾਅਦ ਉਸ ਨੇ ਅਵਤਾਰ ਤੋਂ ਸਿੱਖ ਮਸਲਿਆਂ ਬਾਰੇ ਜਾਣਨਾ ਸ਼ੁਰੂ ਕਰ ਦਿੱਤਾ ਤੇ ਸਿੱਖ ਕੌਮ ਦੇ ਦੁਸ਼ਮਣਾਂ ਨੂੰ ਨਿਸ਼ਾਨਾ ਬਣਾਉਣ ਲਈ ਪ੍ਰੇਰਤ ਕਰਨ ਲੱਗਾ। ਕੁਝ ਮਹੀਨੇ ਪਹਿਲਾਂ ਉਸ ਨੇ ਅਵਤਾਰ ਨੂੰ ਪਾਕਿਸਤਾਨ ਦੇ ਹੈਪੀ ਨਾਲ ਮਿਲਵਾਇਆ ਜਿਸ ਨੇ ਅਵਤਾਰ ਨੂੰ ਪੰਜਾਬ ਵਿੱਚ ਅਤਿਵਾਦੀ ਗਤੀਵਿਧੀਆਂ ਕਰਨ ਲਈ ਪ੍ਰੇਰਿਆ, ਜਿਸ ਤਹਿਤ 2016-17 ਵਿੱਚ ਆਰਐਸਐਸ ਦੇ ਲੋਕਾਂ ਤੇ ਡੇਰਾ ਸਿਰਸਾ ਦੇ ਸ਼ਰਧਾਲੂਆਂ ਦੀ ਮਿੱਥ ਕੇ ਹੱਤਿਆ ਕਰਨ ਲਈ ਕਿਹਾ।
ਖਾਲਿਸਤਾਨੀਆਂ ਨਾਲ ਜੁੜਿਆ ਪਿਛੋਕੜ
ਪੁਲਿਸ ਮੁਤਾਬਕ ਅਵਤਾਰ ਸਿੰਘ ਨੇ ਕਬੂਲਿਆ ਹੈ ਕਿ ਉਸ ਦੇ ਮਾਮੇ ਦਾ ਮੁੰਡਾ ਪਰਮਜੀਤ ਸਿੰਘ ਬਡਾਲਾ ਪੁਲਿਸ ਥਾਣਾ ਬਿਆਸ, ਇਟਲੀ ਰਹਿੰਦਾ ਹੈ ਤੇ ਪਰਮਜੀਤ ਸਿੰਘ ਦਾ ਵੱਡਾ ਭਰਾ ਸਰਬਜੀਤ ਸਿੰਘ ਜੋ ਪੁਲਿਸ ਵਿਚ ਸਿਪਾਹੀ ਸੀ ਤੇ ਉਹ ਕੇਐਲਐਫ (ਬੁੱਧਸਿੰਘ ਵਾਲਾ) ਧੜੇ ਵਿੱਚ ਸ਼ਾਮਲ ਹੋ ਗਿਆ ਸੀ ਪਰ ਸਰਬਜੀਤ ਸਿੰਘ 1992 ਵਿੱਚ ਰਈਆ (ਬਿਆਸ) ਨੇੜੇ ਹੋਏ ਪੁਲਿਸ ਮੁਕਾਬਲੇ ਵਿੱਚ ਮਾਰਿਆ ਗਿਆ ਸੀ।
ਅਵਤਾਰ ਸਿੰਘ ਦਾ ਇਟਲੀ ਕੁਨੈਕਸ਼ਨ
ਦੋ ਮਹੀਨੇ ਪਹਿਲਾਂ ਉਸ ਨੇ ਇਟਲੀ ਰਹਿੰਦੇ ਪਰਮਜੀਤ ਨੂੰ ਪਿੰਡ ਵਿੱਚ ਕੁਝ ਵਿਰੋਧੀਆਂ ਨਾਲ ਸਿੱਝਣ ਲਈ ਹਥਿਆਰਾਂ ਦਾ ਪ੍ਰਬੰਧ ਕਰਨ ਲਈ ਕਿਹਾ ਤੇ ਉਸ ਨੇ ਇਹ ਭੇਜ ਦੇਣ ਦਾ ਭਰੋਸਾ ਦਿੱਤਾ। ਫਿਰ ਪਰਮਜੀਤ ਬਾਬਾ ਨੇ ਉਸ ਨੂੰ ਪਾਕਿਸਤਾਨ ਰਹਿੰਦੇ ਹੈਪੀ ਨਾਲ ਸੰਪਰਕ ਕਰਵਾ ਦਿੱਤਾ ਤੇ ਉਸ ਨੇ ਦੁਬਈ ਰਹਿੰਦੇ ਜਾਵੇਦ ਨਾਲ ਸੰਪਰਕ ਕਰਵਾਇਆ। ਅਕਤੂਬਰ ਦੇ ਅਖੀਰ ਜਾਂ ਨਵੰਬਰ ਦੀ ਸ਼ੁਰੂਆਤ ਵਿੱਚ ਅਵਤਾਰ ਨੂੰ ਵਿਦੇਸ਼ੀ ਨੰਬਰ ਤੋਂ ਵੱਟਸਐਪ ਸੰਦੇਸ਼ ਮਿਲਿਆ ਜਿਸ ਵਿੱਚ ਉਸ ਥਾਂ ਦਾ ਵੇਰਵਾ ਸੀ ਜਿੱਥੇ ਹਥਿਆਰਾਂ ਨੂੰ ਛੁਪਾ ਕੇ ਰੱਖਿਆ ਸੀ।
ਡੇਰਾਵਾਦ ਖਿਲਾਫ ਨਫਰਤ
ਪੁਲਿਸ ਮੁਤਾਬਕ 2007 ਵਿੱਚ ਸ਼੍ਰੀ ਗੁਰੂ ਕਥਿਤ ਤੌਰ ’ਤੇ ਡੇਰਾ ਸਿਰਸਾ ਮੁਖੀ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦੇ ਪਹਿਰਾਵੇ ਦੀ ਨਕਲ ਕਰਨ ਨੂੰ ਲੈ ਕੇ ਉਸ ਵਿਰੁੱਧ ਹੋਏ ਵਿਰੋਧ ਵਿੱਚ ਬਾਕਾਇਦਾ ਹਿੱਸਾ ਲਿਆ ਗਿਆ। ਇਸ ਪਿੱਛੋਂ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦਾ ਮੈਂਬਰ ਬਣ ਕੇ ਕਮੇਟੀ ਦੁਆਰਾ ਸਥਾਨਕ ਪੱਧਰ ’ਤੇ ਕੀਤੇ ਰੋਸ ਮੁਜ਼ਾਹਰਿਆਂ ਵਿਚ ਹਿੱਸਾ ਲੈਂਦਾ ਰਿਹਾ। ਅਵਤਾਰ ਸਿੰਘ ਨੇ ਖੁਲਾਸਾ ਕੀਤਾ ਹੈ ਕਿ ਉਹ ‘ਡੇਰਾਵਾਦ’ ਤੇ ਡੇਰਾ ਸੱਚਾ ਸੌਦਾ, ਦਿਵਿਆ ਜੋਤੀ ਜਾਗਰਤੀ ਸੰਸਥਾ, ਪਿਆਰਾ ਸਿੰਘ ਭਨਿਆਰੇਵਾਲਾ ਸਮੇਤ ਵਿਵਾਦਗ੍ਰਸਤ ਸਿੱਖ ਪ੍ਰਚਾਰਕਾਂ ਤੇ ਸਰਬਜੀਤ ਸਿੰਘ ਧੁੰਦਾ, ਇੰਦਰਜੀਤ ਸਿੰਘ ਘੱਗਾ ਤੇ ਹਿੰਦੂ ਸੱਜੇ ਪੱਖੀਆਂ ਖਿਲਾਫ਼ ਹੈ।