ਖਮਾਣੋਂ ਨੇੜਲੇ ਪਿੰਡ ਰਾਮਗੜ੍ਹ ਵਿੱਚ ਆਵਾਰਾ ਕੁੱਤਿਆਂ ਦੇ ਝੁੰਡ ਵੱਲੋਂ ਕੀਤੇ ਹਮਲੇ ਵਿੱਚ 70 ਸਾਲਾ ਬਾਰਾ ਸਿੰਘ ਪੁੱਤਰ ਈਸ਼ਰ ਸਿੰਘ ਦੀ ਮੌਤ ਹੋ ਗਈ। ਘਟਨਾ ਤੋਂ ਬਾਅਦ ਪਿੰਡ ਵਾਸੀਆਂ ਵਿੱਚ ਡਰ ਦਾ ਮਾਹੌਲ ਹੈ ਅਤੇ ਲੋਕਾਂ ਨੇ ਪ੍ਰਸ਼ਾਸਨ ਤੋਂ ਆਵਾਰਾ ਕੁੱਤਿਆਂ ਦੀ ਸਮੱਸਿਆ ਦਾ ਪੱਕਾ ਹੱਲ ਕਰਨ ਦੀ ਮੰਗ ਕੀਤੀ ਹੈ।

Continues below advertisement

ਪਿੰਡ ਦੇ ਸਰਪੰਚ ਨਵਜੀਤ ਸਿੰਘ ਮੁਤਾਬਕ ਬਾਰਾ ਸਿੰਘ ਬੀਤੀ ਰਾਤ ਕਰੀਬ 9 ਵਜੇ ਦੁਕਾਨ ਤੋਂ ਸਾਮਾਨ ਲੈਣ ਲਈ ਗਿਆ ਸੀ। ਇਸ ਦੌਰਾਨ ਸੁੰਨਸਾਨ ਗਲੀ ਵਿੱਚ 5 ਤੋਂ 7 ਆਵਾਰਾ ਕੁੱਤਿਆਂ ਨੇ ਉਸ ’ਤੇ ਹਮਲਾ ਕਰ ਦਿੱਤਾ। ਹਮਲੇ ਕਾਰਨ ਉਹ ਸੜਕ ’ਤੇ ਡਿੱਗ ਗਿਆ ਅਤੇ ਗੰਭੀਰ ਤੌਰ ’ਤੇ ਜ਼ਖਮੀ ਹੋ ਗਿਆ।

ਕਰੀਬ ਇੱਕ ਘੰਟੇ ਬਾਅਦ ਉਸ ਦਾ ਭਤੀਜਾ ਸੁਖਵਿੰਦਰ ਸਿੰਘ ਕਾਕਾ ਉੱਥੋਂ ਲੰਘਿਆ ਤਾਂ ਉਸ ਨੇ ਬਾਰਾ ਸਿੰਘ ਨੂੰ ਦੇਖ ਕੇ ਰੌਲਾ ਪਾਇਆ। ਲੋਕਾਂ ਦੇ ਪਹੁੰਚਣ ਤੱਕ ਬਾਰਾ ਸਿੰਘ ਦੀ ਮੌਤ ਹੋ ਚੁੱਕੀ ਸੀ।

Continues below advertisement

ਘਟਨਾ ਤੋਂ ਬਾਅਦ ਪਿੰਡ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਲੋਕਾਂ ਨੇ ਬੱਚਿਆਂ ਅਤੇ ਬਜ਼ੁਰਗਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਜਤਾਈ ਹੈ। ਸਰਪੰਚ ਨੇ ਦੱਸਿਆ ਕਿ ਇਲਾਕੇ ਵਿੱਚ ਆਵਾਰਾ ਕੁੱਤਿਆਂ ਦੇ ਝੁੰਡ ਅਕਸਰ ਦੇਖੇ ਜਾਂਦੇ ਹਨ ਅਤੇ ਉਨ੍ਹਾਂ ਦੀ ਨਸਬੰਦੀ ਸਮੇਤ ਸਮੱਸਿਆ ਦੇ ਸਥਾਈ ਹੱਲ ਲਈ ਸਰਕਾਰ ਤੋਂ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ।

ਉੱਧਰ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਤਹਿਸੀਲ ਖਮਾਣੋਂ ਪ੍ਰਧਾਨ ਸੁਖਦੇਵ ਸਿੰਘ ਗੱਗੜਵਾਲ ਨੇ ਕਿਹਾ ਕਿ ਉਹ ਪਿਛਲੇ ਦੋ ਸਾਲਾਂ ਤੋਂ ਪ੍ਰਸ਼ਾਸਨ ਨੂੰ ਇਸ ਸਮੱਸਿਆ ਬਾਰੇ ਜਾਣੂ ਕਰਵਾ ਰਹੇ ਹਨ, ਪਰ ਕੋਈ ਠੋਸ ਕਾਰਵਾਈ ਨਹੀਂ ਹੋਈ। ਉਨ੍ਹਾਂ ਪ੍ਰਸ਼ਾਸਨ ਤੋਂ ਹਾਦਸੇ ਤੋਂ ਪਹਿਲਾਂ ਹੀ ਪ੍ਰਭਾਵਸ਼ਾਲੀ ਕਦਮ ਚੁੱਕਣ ਦੀ ਮੰਗ ਕੀਤੀ।