Chandigarh News: ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵਿੱਚ ਹੁਣ ਲੇਟ-ਲਤੀਫ਼ਾਂ ਦੀ ਖ਼ੈਰ ਨਹੀਂ। ਦਫਤਰਾਂ ਵਿੱਚ ਦੇਰੀ ਨਾਲ ਆਉਣ ਵਾਲੇ ਸਰਕਾਰੀ ਮੁਲਾਜ਼ਮਾਂ ਉੱਪਰ ਸਰਕਾਰ ਨੇ ਸ਼ਿਕੰਜਾ ਕੱਸ ਦਿੱਤਾ ਹੈ।  ਵਿਭਾਗ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਪੰਚਾਇਤ ਵਿਭਾਗ ਦੇ ਡਾਇਰੈਕਟਰ ਨੂੰ ਵਿਭਾਗ ਦੇ ਸਮੁੱਚੇ ਫ਼ੀਲਡ ਦਫ਼ਤਰਾਂ ਵਿੱਚ 28 ਫਰਵਰੀ ਤੱਕ ਹਰ ਹਾਲ ਵਿੱਚ ਬਾਇਓਮੀਟ੍ਰਿਕ ਮਸ਼ੀਨਾਂ ਲਾਉਣ ਦੇ ਨਿਰਦੇਸ਼ ਦਿੱਤੇ ਹਨ। 


ਉਨ੍ਹਾਂ ਪਹਿਲੀ ਮਾਰਚ ਤੋਂ ਵਿਭਾਗ ਦੇ ਸਮੁੱਚੇ ਦਫ਼ਤਰਾਂ ਵਿੱਚ ਹਾਜ਼ਰੀ ਦਾ ਕੰਮ ਬਾਇਓਮੀਟ੍ਰਿਕ ਮਸ਼ੀਨਾਂ ਰਾਹੀਂ ਸ਼ੁਰੂ ਕਰਨ ਲਈ ਕਿਹਾ ਹੈ। ਮੰਤਰੀ ਨੇ ਪੱਤਰ ਜਾਰੀ ਕਰਕੇ ਆਖਿਆ ਹੈ ਕਿ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਕਿ ਪੰਚਾਇਤ ਵਿਭਾਗ ਦੇ ਫ਼ੀਲਡ ਦਫ਼ਤਰਾਂ ਵਿੱਚ ਬਹੁਤ ਸਾਰੇ ਮੁਲਾਜ਼ਮ ਸਮੇਂ ਸਿਰ ਹਾਜ਼ਰ ਨਹੀਂ ਹੁੰਦੇ, ਜਿਸ ਕਾਰਨ ਦਫ਼ਤਰ ਵਿੱਚ ਆਉਣ ਵਾਲੇ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਆਖਿਆ ਕਿ ਦਫ਼ਤਰਾਂ ਵਿੱਚ ਆਉਣ ਵਾਲੇ ਲੋਕਾਂ ਦੀ ਪ੍ਰੇਸ਼ਾਨੀ ਨੂੰ ਦੂਰ ਕਰਨ ਅਤੇ ਮੁਲਾਜ਼ਮਾਂ ਦੀ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਹਾਜ਼ਰੀ ਯਕੀਨੀ ਬਣਾਉਣ ਲਈ ਬਾਇਓਮੀਟ੍ਰਿਕ ਹਾਜ਼ਰੀ ਸ਼ੁਰੂ ਕੀਤੀ ਜਾਵੇ।    


ਉਧਰ, ਪੰਚਾਇਤ ਮੰਤਰੀ ਦੇ ਤਾਜ਼ਾ ਨਿਰਦੇਸ਼ਾਂ ਨਾਲ ਪੰਚਾਇਤ ਵਿਭਾਗ ਦੇ ਬਲਾਕ ਪੱਧਰੀ ਦਫ਼ਤਰਾਂ ਵਿੱਚ ਭੰਬਲਭੂਸਾ ਪੈਦਾ ਹੋ ਗਿਆ ਹੈ। ਪੰਚਾਇਤ ਸਕੱਤਰਾਂ ਦੀ ਡਿਊਟੀ ਪਿੰਡਾਂ ਵਿੱਚ ਹੋਣ ਕਾਰਨ ਉਹ ਘਰੋਂ ਸਿੱਧੇ ਦਫ਼ਤਰ ਦੀ ਥਾਂ ਆਪਣੀਆਂ ਪੰਚਾਇਤਾਂ ਵਿੱਚ ਹੀ ਜਾਂਦੇ ਹਨ। ਸਾਰੇ ਮੁਲਾਜ਼ਮਾਂ ਲਈ ਬਾਇਓਮੀਟ੍ਰਿਕ ਹਾਜ਼ਰੀ ਜ਼ਰੂਰੀ ਹੋਣ ਨਾਲ ਪੰਚਾਇਤ ਸਕੱਤਰਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ। 


ਇਸੇ ਤਰ੍ਹਾਂ ਬਲਾਕ ਪੰਚਾਇਤ ਤੇ ਵਿਕਾਸ ਅਧਿਕਾਰੀਆਂ ਦੀ ਹਾਜ਼ਰੀ ਵੀ ਨਹੀਂ ਲੱਗਦੀ ਹੈ ਤੇ ਉਨ੍ਹਾਂ ਦਾ ਕੰਮ ਵੀ ਫ਼ੀਲਡ ਨਾਲ ਸਬੰਧਤ ਹੁੰਦਾ ਹੈ। ਬਲਾਕਾਂ ਵਿੱਚ ਆਮ ਜਨਤਾ ਦੇ ਕੰਮ ਜ਼ਿਆਦਾਤਰ ਪੰਚਾਇਤ ਸਕੱਤਰ ਤੇ ਬੀਡੀਪੀਓਜ਼ ਨਾਲ ਸਬੰਧਤ ਹੁੰਦੇ ਹਨ।


ਇਹ ਵੀ ਪੜ੍ਹੋ: Chandigarh: ਪ੍ਰੇਮੀ ਵਿਆਹਿਆ ਹੋਇਆ ਜਾਣਦੇ ਹੋਏ ਵੀ ਸਬੰਧ ਬਣਾਏ ਤਾਂ ਨਹੀਂ ਬਣਦਾ ਰੇਪ ਕੇਪ-HC


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।