ਚੰਡੀਗੜ੍ਹ: ਬਾਦਲ ਪਰਿਵਾਰ ਖ਼ਿਲਾਫ਼ ਝੰਡਾ ਬੁਲੰਦ ਕਰਨ ਵਾਲੇ ਅਕਾਲੀ ਲੀਡਰਾਂ ਵਿਰੁੱਧ ਜਲਦ ਹੀ ਸਖਤ ਕਾਰਵਾਈ ਹੋਣ ਜਾ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਾਹਲ ਵਿੱਚ ਅਨੁਸ਼ਾਸਨੀ ਕਮੇਟੀ ਬਣਾਈ ਹੈ। ਬਾਗੀ ਸੁਰਾਂ ਵਾਲੇ ਲੀਡਰਾਂ ਦੀ ਲਿਸਟ ਅਨੁਸ਼ਾਸਨੀ ਕਮੇਟੀ ਕੋਲ ਪਹੁੰਚ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਸਭ ਤੋਂ ਪਹਿਲਾਂ ਗਾਜ਼ ਜਗਮੀਤ ਸਿੰਘ ਬਰਾੜ ਉੱਪਰ ਡਿੱਗ ਸਕਦੀ ਹੈ।
ਇਹ ਵੀ ਅਹਿਮ ਗੱਲ ਹੈ ਕਿ ਅਕਾਲੀ ਦਲ ਦਾ ਜਥੇਬੰਦਕ ਢਾਂਚਾ ਭੰਗ ਕਰ ਦਿੱਤਾ ਹੈ ਪਰ ਇਸ ਮਗਰੋਂ ਬਾਗੀ ਸੁਰਾਂ ਵੇਖਦਿਆਂ ਤੁਰੰਤ ਅਨੁਸ਼ਾਸਨੀ ਕਮੇਟੀ ਬਣਾਉਣੀ ਪਈ ਹੈ। ਸੁਖਬੀਰ ਬਾਦਲ ਨੇ ਇਸ ਕਮੇਟੀ ਦਾ ਮੁਖੀ ਵੀ ਆਪਣੇ ਖਾਸ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੂੰ ਬਣਾਇਆ ਹੈ। ਇਸ ਤੋਂ ਇਲਾਵਾ ਮੈਂਬਰ ਵੀ ਬਾਦਲ ਪਰਿਵਾਰ ਦੇ ਕਰੀਬੀ ਹੀ ਹਨ।
ਦੱਸ ਦਈਏ ਕਿ ਲਗਾਤਾਰ ਹਾਰਾਂ ਮਗਰੋਂ ਅਕਾਲੀ ਦਲ ਅੰਦਰ ਬਾਦਲ ਪਰਿਵਾਰ ਖਿਲਾਫ ਬਾਗੀ ਸੁਰਾਂ ਉੱਠਣ ਲੱਗੀਆਂ ਹਨ। ਇਨ੍ਹਾਂ ਲੀਡਰਾਂ ਵਿੱਚ ਦਾਖਾ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ, ਸਾਬਕਾ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਤੇ ਮਾਝੇ ਦੇ ਆਗੂ ਰਵੀਇੰਦਰ ਸਿੰਘ ਕਾਹਲੋਂ ਸ਼ਾਮਲ ਹਨ। ਸੀਨੀਅਰ ਅਕਾਲੀ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਵੀ ਪਿਛਲੇ ਦਿਨਾਂ ਦੌਰਾਨ ਸੁਖਬੀਰ ਸਿੰਘ ਬਾਦਲ ਦੇ ਕਈ ਫ਼ੈਸਲਿਆਂ ਦੀ ਆਲੋਚਨਾ ਕੀਤੀ ਸੀ।
ਅਕਾਲੀ ਦਲ ਦੇ ਸੂਤਰਾਂ ਦਾ ਕਹਿਣਾ ਹੈ ਕਿ ਨਾਰਾਜ਼ ਲੀਡਰਾਂ ਨੂੰ ਸ਼ਾਂਤ ਕਰਨ ਲਈ ਚਾਰਾਜੋਈ ਕੀਤੀ ਜਾ ਰਹੀ ਹੈ। ਇਸ ਦੌਰਾਨ ਜੇਕਰ ਕੋਈ ਲੀਡਰ ਆਪਣੀ ਬਾਗੀ ਗਤੀਵਿਧੀ ਜਾਰੀ ਰੱਖਦਾ ਹੈ ਤਾਂ ਉਸ ਖਿਲਾਫ ਸਖਤ ਕਾਰਵਾਈ ਦੀ ਵੀ ਤਿਆਰੀ ਕੀਤੀ ਜਾ ਰਹੀ ਹੈ। ਸੁਖਬੀਰ ਬਾਦਲ ਲੀਡਰਸ਼ਿਪ ਨੂੰ ਸੰਦੇਸ਼ ਦੇਣਾ ਚਾਹੁੰਦੇ ਹਨ ਕਿ ਉਨ੍ਹਾਂ ਦਾ ਵਿਰੋਧ ਕਰਨ ਵਾਲਿਆਂ ਲਈ ਪਾਰਟੀ ਵਿੱਚ ਕੋਈ ਥਾਂ ਨਹੀਂ।
ਉਧਰ ਬਿਕਰਮ ਮਜੀਠੀਆ ਨੂੰ ਜ਼ਮਾਨਤ ਮਿਲਣ ਨਾਲ ਸੁਖਬੀਰ ਬਾਦਲ ਰਾਹਤ ਮਿਲੀ ਹੈ। ਮਾਝੇ ਦੇ ਆਗੂਆਂ ਦਰਮਿਆਨ ਉੱਠ ਰਹੀਆਂ ਬਾਗੀ ਸੁਰਾਂ ਠੰਢੀਆਂ ਕਰਨ ’ਚ ਮਜੀਠੀਆ ਅਹਿਮ ਭੂਮਿਕਾ ਨਿਭਾਅ ਸਕਦੇ ਹਨ। ਅਹ ਵੀ ਅਹਿਮ ਹੈ ਕਿ ਇਸ ਵਾਰ ਬਾਗੀ ਸੁਰਾਂ ਟਕਸਾਲੀ ਲੀਡਰਾਂ ਦੀ ਥਾਂ ਦੂਜੀ ਕਤਾਰ ਦੇ ਲੀਡਰਾਂ ਨੇ ਉਠਾਈਆਂ ਹਨ। ਇਸ ਲਈ ਮਜੀਠੀਆ ਇਨ੍ਹਾਂ ਲੀਡਰਾਂ ਨੂੰ ਸ਼ਾਂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਅ ਸਕਦੇ ਹਨ।