Punjab News: ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਰਾਜ ਸਭਾ ਮੈਂਬਰ ਸੰਜੇ ਸਿੰਘ ਦੀ ਗ੍ਰਿਫ਼ਤਾਰੀ ਖ਼ਿਲਾਫ਼ ਪੰਜਾਬ ਦੇ ‘ਆਪ’ ਆਗੂਆਂ ਨੇ ਸੂਬੇ ਭਰ ਵਿੱਚ ਮੋਦੀ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਕਈ ਥਾਵਾਂ 'ਤੇ 'ਆਪ' ਆਗੂਆਂ ਨੇ ਰੋਸ ਵਜੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਵੀ ਫੂਕੇ।


 ਧਰਨੇ ਵਿੱਚ ਪੰਜਾਬ ਦੇ ਕੈਬਨਿਟ ਮੰਤਰੀਆਂ ਤੇ ਵਿਧਾਇਕਾਂ ਸਮੇਤ ਸੂਬਾ ਤੇ ਜ਼ਿਲ੍ਹਾ ਪੱਧਰੀ ਪਾਰਟੀ ਆਗੂਆਂ ਤੇ ਅਧਿਕਾਰੀਆਂ ਨੇ ਸ਼ਮੂਲੀਅਤ ਕੀਤੀ।  ਸਾਰੇ ਆਗੂਆਂ ਨੇ ਸੰਜੇ ਸਿੰਘ ਦੀ ਗ੍ਰਿਫ਼ਤਾਰੀ ਨੂੰ ਮੋਦੀ ਸਰਕਾਰ ਦੀ ਤਾਨਾਸ਼ਾਹੀ ਕਰਾਰ ਦਿੰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਸ ਦੀ ਗ੍ਰਿਫ਼ਤਾਰੀ ਇਸ ਲਈ ਕਰਵਾਈ ਹੈ ਕਿਉਂਕਿ ਉਸ ਨੇ ਅਡਾਨੀ ਮਾਮਲੇ ’ਤੇ ਸੰਸਦ ਵਿੱਚ ਸਰਕਾਰ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ ਸੀ।






ਜਲੰਧਰ ਦੇ ਨਕੋਦਰ ਵਿੱਚ ਸੰਸਦ ਮੈਂਬਰ ਸ਼ੁਸ਼ੀਲ ਕੁਮਾਰ ਰਿੰਕੂ, ਕੈਬਨਿਟ ਮੰਤਰੀ ਬਲਕਾਰ ਸਿੰਘ, ਵਿਧਾਇਕ ਰਮਨ ਅਰੋੜਾ, ਸ਼ੀਤਲ ਅੰਗੁਰਾਲ, ਇੰਦਰਜੀਤ ਕੌਰ ਮਾਨ, 'ਆਪ' ਸੂਬਾ ਸਕੱਤਰ ਰਾਜਵਿੰਦਰ ਕੌਰ ਥਿਆੜਾ, ਲੋਕ ਸਭਾ ਇੰਚਾਰਜ ਅਸ਼ਵਨੀ ਅਗਰਵਾਲ, ਜ਼ਿਲ੍ਹਾ ਸ਼ਹਿਰੀ ਪ੍ਰਧਾਨ ਅੰਮ੍ਰਿਤਪਾਲ ਸਿੰਘ, ਦਿਹਾਤੀ ਪ੍ਰਧਾਨ ਸਟੀਫਨ ਕਲੇਰ, ਜ਼ਿਲਾ ਸਕੱਤਰ ਸੁਭਾਸ਼ ਸ਼ਰਮਾ ਅਤੇ ਜਲੰਧਰ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਜਗਤਾਰ ਸਿੰਘ ਸੰਘੇੜਾ ਦੇ ਨਾਲ ਆਪ' ਵਰਕਰਾਂ ਨੇ ਰੋਸ ਪ੍ਰਦਰਸ਼ਨ ਕੀਤਾ।


 ਪਠਾਨਕੋਟ 'ਚ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਦੀ ਅਗਵਾਈ 'ਚ 'ਆਪ' ਵਰਕਰਾਂ ਨੇ ਸੜਕ 'ਤੇ ਰੋਸ ਪ੍ਰਦਰਸ਼ਨ ਕੀਤਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ।  ਇਸ ਮੌਕੇ ਜ਼ਿਲ੍ਹਾ ਇੰਚਾਰਜ ਅਮਿਤ ਮੰਟੂ ਅਤੇ ‘ਆਪ’ ਆਗੂ ਵਿਭੂਤੀ ਸ਼ਰਮਾ ਹਾਜ਼ਰ ਸਨ।






 ਅੰਮ੍ਰਿਤਸਰ ਵਿਚ ਵੀ ਆਪ ਵਰਕਰਾਂ ਨੇ ਸੰਜੇ ਸਿੰਘ ਦੀ ਗ੍ਰਿਫਤਾਰੀ ਖਿਲਾਫ ਪ੍ਰਦਰਸ਼ਨ ਕੀਤਾ।  ਇੱਥੇ ਹੋਏ ਪ੍ਰਦਰਸ਼ਨ ਦੌਰਾਨ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ., ਕੁਲਦੀਪ ਸਿੰਘ ਧਾਲੀਵਾਲ, ਸਾਬਕਾ ਮੰਤਰੀ ਤੇ ਵਿਧਾਇਕ ਡਾ: ਇੰਦਰਵੀਰ ਸਿੰਘ ਨਿੱਝਰ, ਵਿਧਾਇਕ ਜੀਵਨ ਜੋਤ ਕੌਰ ਤੇ ਡਾ.ਅਜੇ ਗੁਪਤਾ, ਜ਼ਿਲ੍ਹਾ ਇੰਚਾਰਜ ਮੁਨੀਸ਼ ਅਗਰਵਾਲ, ਜ਼ਿਲ੍ਹਾ ਦਿਹਾਤੀ ਇੰਚਾਰਜ ਕੁਲਦੀਪ ਸਿੰਘ ਮਥਰੇਵਾਲ ਤੇ ਹੋਰ ਆਗੂ ਹਾਜ਼ਰ ਸਨ।






ਬਰਨਾਲਾ ਵਿਚ ਕੈਬਨਿਟ ਮੰਤਰੀ ਮੀਤ ਹੇਅਰ ਨੇ 'ਆਪ' ਦੇ ਜ਼ਿਲਾ ਅਧਿਕਾਰੀਆਂ ਅਤੇ ਵਰਕਰਾਂ ਨਾਲ ਮੋਦੀ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ। ਮਾਲੇਰਕੋਟਲਾ ਵਿਖੇ ‘ਆਪ’ ਵਰਕਰਾਂ ਨੇ ਵਿਧਾਇਕ ਜਮੀਲ ਉਰ ਰਹਿਮਾਨ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕੀਤਾ।  ਜਦਕਿ ਹੁਸ਼ਿਆਰਪੁਰ ਵਿੱਚ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ ਅਤੇ ਆਪ ਆਗੂ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਸਮੇਤ 'ਆਪ' ਆਗੂਆਂ ਤੇ ਵਰਕਰਾਂ ਨੇ ਰੋਸ ਪ੍ਰਦਰਸ਼ਨ ਕੀਤਾ।  ਸੰਗਰੂਰ ਵਿੱਚ ਵੀ ‘ਆਪ’ ਆਗੂਆਂ ਨੇ ਪ੍ਰਦਰਸ਼ਨ ਕੀਤਾ।


ਬਠਿੰਡਾ ਵਿੱਚ ‘ਆਪ’ ਆਗੂਆਂ ਤੇ ਵਰਕਰਾਂ ਨੇ ਵਿਧਾਇਕ ਸੁਖਬੀਰ ਸਿੰਘ ਮਾਈਸਰਖਾਨਾ ਤੇ ਮਾਸਟਰ ਜਗਸੀਰ ਸਿੰਘ, ਲੋਕ ਸਭਾ ਇੰਚਾਰਜ ਰਾਕੇਸ਼ ਪੁਰੀ, ਮਹਿਲਾ ਵਿੰਗ ਦੀ ਪ੍ਰਧਾਨ ਬਲਜਿੰਦਰ ਕੌਰ, ‘ਆਪ’ ਆਗੂ ਨਵਦੀਪ ਸਿੰਘ ਜੀਦਾ ਅਤੇ ਅੰਮ੍ਰਿਤ ਅਗਰਵਾਲ ਦੀ ਅਗਵਾਈ ਹੇਠ ਰੋਸ ਮਾਰਚ ਕੱਢਿਆ।


ਇਸ ਮੌਕੇ ਮੀਡੀਆ ਨੂੰ ਜਾਰੀ ਆਪਣੇ ਬਿਆਨ ਵਿੱਚ ‘ਆਪ’ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਈਡੀ ਨੂੰ ਸੰਜੇ ਸਿੰਘ ਦੇ ਘਰੋਂ ਇੱਕ ਪੈਸਾ ਜਾਂ ਇੱਕ ਵੀ ਗੈਰ ਕਾਨੂੰਨੀ ਦਸਤਾਵੇਜ਼ ਨਹੀਂ ਮਿਲਿਆ।  ਇਹ ਸਭ ਸਿਰਫ਼ ਡਰਾਉਣ ਲਈ ਕੀਤਾ ਜਾ ਰਿਹਾ ਹੈ, ਪਰ ਪ੍ਰਧਾਨ ਮੰਤਰੀ ਮੋਦੀ ਭਾਵੇਂ ਕੁਝ ਵੀ ਕਰ ਲੈਣ, ਉਹ ਸਾਨੂੰ ਡਰਾ ਨਹੀਂ ਸਕਦੇ।  ਈਡੀ ਅਤੇ ਸੀਬੀਆਈ ਜਿੰਨੀਆਂ ਮਰਜ਼ੀ ਛਾਪੇਮਾਰੀ ਕਰ ਲੈਣ, ਜਿੰਨੀਆਂ ਮਰਜ਼ੀ ਗ੍ਰਿਫਤਾਰੀਆਂ ਕਰ ਲੈਣ, ਉਹ ਸਾਨੂੰ ਰੋਕ ਨਹੀਂ ਸਕਦੇ।