ਚੰਡੀਗੜ੍ਹ: ਬੀਤੇ ਅਪ੍ਰੈਲ ਮਹੀਨੇ ਪੰਜਾਬ ਦੇ ਤਰਨ ਤਾਰਨ ਜ਼ਿਲ੍ਹੇ ਦੇ ਪੱਟੀ ਇਲਾਕੇ ਤੋਂ ਬਰਾਮਦ ਦੋ ਕਿਲੋਗ੍ਰਾਮ ਹੈਰੋਇਨ ਮਾਮਲੇ ਦੇ ਤਾਰ ਪਾਕਿਸਤਾਨ ਦੇ ਹਵਾਲਾ ਤੇ ਡ੍ਰੱਗ ਰੈਕੇਟ ਨਾਲ ਜੁੜੇ ਹਨ। ਸਥਾਨਕ ਪੁਲਿਸ ਨੇ ਇਸ ਮਾਮਲੇ ’ਚ ਅੰਮ੍ਰਿਤਸਰ ਦੇ ਇੱਕ ਭਲਵਾਨ ਮਨੋਹਰ ਲਾਲ ਉਰਫ਼ ਐਂਥੋਨੀ ਨੂੰ ਮੰਗਲਵਾਰ ਦੀ ਰਾਤ ਨੂੰ ਗ੍ਰਿਫ਼ਤਾਰ ਕੀਤਾ ਹੈ। ਐਂਥੋਨੀ ਦਾ ਸੰਪਰਕ ਪਾਕਿਸਤਾਨ ’ਚ ਬੈਠੇ ਨਸ਼ਿਆਂ ਦੇ ਸਮੱਗਲਰਾਂ ਨਾਲ ਹੈ। ਉੱਥੋਂ ਨਸ਼ੇ ਦੀ ਖੇਪ ਮੰਗਵਾਉਣ ਲਈ ਉਹ ਹੁਣ ਤੱਕ 1.78 ਕਰੋੜ ਰੁਪਏ ਹਵਾਲਾ ਰਾਹੀਂ ਪਾਕਿਸਤਾਨ ਭੇਜ ਚੁੱਕਾ ਹੈ।


ਐਸਐਸਪੀ ਧਰੁਮਨ ਐਚ ਨਿੰਬਾਲੇ ਨੇ ਦੱਸਿਆ ਕਿ ਚਾਰ ਅਪ੍ਰੈਲ ਨੂੰ ਨਾਰਕੌਟਿਕਸ ਸੈੱਲ ਨੇ ਪੱਟੀ ਇਲਾਕੇ ਵਿੱਚ ਫ਼ਿਰੋਜ਼ਪੁਰ ਦੇ ਬੰਡਾਲਾ ਪਿੰਡ ਦੇ ਕੌਮਾਂਤਰੀ ਸਮੱਗਲਰ ਨਿਸ਼ਾਨ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਸੀ। ਉਸ ਕੋਲੋਂ ਦੋ ਕਿਲੋਗ੍ਰਾਮ ਹੈਰੋਇਨ ਤੇ 2,540 ਰੁਪਏ ਦੀ ਨਕਦੀ ਬਰਾਮਦ ਕੀਤੀ ਗਈ ਸੀ। ਇਸ ਤੋਂ ਬਾਅਦ ਇਸ ਮਾਮਲੇ ਨਾਲ ਜੁੜੇ ਗੋਰਾ ਨਾਂਅ ਦੇ ਸਮੱਗਲਰ ਨੂੰ ਵੀ ਕਾਬੂ ਕੀਤਾ ਗਿਆ। ਉਨ੍ਹਾਂ ਸਾਰਿਆਂ ਤੋਂ ਪੁੱਛਗਿੱਛ ਦੇ ਆਧਾਰ ’ਤੇ ਐਂਥੋਨੀ ਦੀ ਗ੍ਰਿਫ਼ਤਾਰੀ ਹੋਈ ਹੈ।


ਐੱਸਪੀ (ਆਈ) ਮਹਿਤਾਬ ਸਿੰਘ ਵਿਰਕ ਨੇ ਦੱਸਿਆ ਕਿ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਹੈਰੋਇਨ ਦੀ ਇਹ ਖੇਪ ਪਾਕਿਸਤਾਨ ਤੋਂ ਮੰਗਵਾਈ ਸੀ। ਉਹ ਪਹਿਲਾਂ ਵੀ ਕਈ ਵਾਰ ਹੈਰੋਇਨ ਮੰਗਵਾ ਚੁੱਕਾ ਹੈ। ਐਂਥੋਨੀ ਦਾ ਘਰ ਅੰਮ੍ਰਿਤਸਰ ਦੇ ਐਨਮ ਸਿਨੇਮਾਘਰ ਕੋਲ ਹੈ। ਉਹ ਲੰਮੇ ਸਮੇਂ ਤੋਂ ਇਸ ਡ੍ਰੱਗ ਰੈਕੇਟ ਨਾਲ ਜੁੜਿਆ ਹੋਇਆ ਸੀ। ਬੁੱਧਵਾਰ ਨੂੰ ਉਸ ਨੂੰ ਅਦਾਲਤ ਨੇ ਦੋ ਦਿਨਾਂ ਦੇ ਪੁਲਿਸ ਰਿਮਾਂਡ ਉੱਤੇ ਭੇਜ ਦਿੱਤਾ।


ਪੰਜਾਬ ਵਿੱਚ ਕਿਸੇ ਵੀ ਪਾਰਟੀ ਦੀ ਸਰਕਾਰ ਹੋਵੇ, ਐਂਥੋਨੀ ਹਰੇਕ ਨਾਲ ਹੀ ਘਿਓ-ਖਿਚੜੀ ਹੁੰਦਾ ਰਿਹਾ ਹੈ। ਮਹਿੰਗੀਆਂ ਗੱਡੀਆਂ ’ਚ ਘੁੰਮਣ ਵਾਲਾ ਐਂਥੋਨੀ ਫ਼ਾਈਨਾਂਸ ਦਾ ਵੀ ਵੱਡਾ ਕਾਰੋਬਾਰੀ ਹੈ। ਉਸ ਦੇ ਕਈ ਸਿਆਸੀ ਆਗੂਆਂ ਨਾਲ ਸਬੰਧ ਹਨ। ਇਨ੍ਹਾਂ ਆਗੂਆਂ ਬਾਰੇ ਖ਼ੁਫ਼ੀਆ ਏਜੰਸੀਆਂ ਨੇ ਪਿੱਛੇ ਜਿਹੇ ਸਰਕਾਰ ਨੂੰ ਰਿਪੋਰਟ ਭੇਜੀ ਹੈ। ਐਸਐਸਪੀ ਧਰੁਮਨ ਨਿੰਬਾਲੇ ਨੇ ਦਾਅਵਾ ਕੀਤਾ ਕਿ ਡ੍ਰੱਗਜ਼ ਲਈ ਪਾਕਿਸਤਾਨ ’ਚ ਵੱਡੇ ਪੱਧਰ ਉੱਤੇ ਹਵਾਲਾ ਰਾਸ਼ੀ ਭੇਜਣ ਦੇ ਮਾਮਲਾ ਦਾ ਪਹਿਲੀ ਵਾਰ ਪਰਦਾਫ਼ਾਸ਼ ਹੋਇਆ ਹੈ।


ਇਸ ਮਾਮਲੇ ਦੀ ਜਾਂਚ ਆਉਣ ਵਾਲੇ ਸਮੇਂ ’ਚ ਰਾਸ਼ਟਰੀ ਜਾਂਚ ਏਜੰਸੀ (NIA) ਆਪਣੇ ਹੱਥ ਵਿੱਚ ਲੈ ਸਕਦੀ ਹੈ। ਪੁਲਿਸ ਤੇ ਖ਼ੁਫ਼ੀਆ ਏਜੰਸੀਆਂ ਟੈਰਰ ਫ਼ੰਡਿੰਗ ਦੇ ਦ੍ਰਿਸ਼ਟੀਕੋਣ ਤੋਂ ਵੀ ਜਾਂਚ ਕਰ ਰਹੀਆਂ ਹਨ। ਹਾਲੇ ਕੁਝ ਹੋਰ ਵੀ ਗ੍ਰਿਫ਼ਤਾਰੀਆਂ ਹੋ ਸਕਦੀਆਂ ਹਨ।


ਪੁਲਿਸ ਨੇ ਐਂਥੋਨੀ ਦੇ ਕਈ ਨੇੜਲਿਆਂ ਨੂੰ ਪੁੱਛਗਿੱਛ ਲਈ ਹਿਰਾਸਤ ’ਚ ਲਿਆ ਹੈ। ਉਸ ਦੇ ਕਈ ਰਿਸ਼ਤੇਦਾਰ ਵੀ ਗ੍ਰਿਫ਼ਤਾਰੀ ਦੇ ਡਰ ਤੋਂ ਰੂਪੋਸ਼ ਹੋ ਚੁੱਕੇ ਹਨ। ਪੁਲਿਸ ਨੂੰ ਪਤਾ ਚੱਲਿਆ ਹੈ ਕਿ ਐਂਥੋਨੀ ਨੇ ਇਹ ਰਕਮ ਕੈਨੇਡਾ ’ਚ ਰਹਿੰਦੇ ਆਪਣੇ ਕੁਝ ਰਿਸ਼ਤੇਦਾਰਾਂ ਰਾਹੀਂ ਪਾਕਿਸਤਾਨ ਭੇਜੀ ਹੈ।