ਚੰਡੀਗੜ੍ਹ: ਹਵਾ ਪ੍ਰਦੂਸ਼ਣ ‘ਚ ਸੁਧਾਰ ਦੀ ਉਮੀਦ ਐਤਵਾਰ ਨੂੰ ਇੱਕ ਵਾਰ ਫੇਰ ਢਹਿ ਗਈ। ਐਤਵਾਰ ਨੂੰ ਪੰਜਾਬ ‘ਚ ਦੀਵਾਲੀ ਤੋਂ ਬਾਅਦ ਹੁਣ ਤਕ ਸਭ ਤੋਂ ਜ਼ਿਆਦਾ ਪਰਾਲੀ ਨੂੰ ਅੱਗ ਲਾਉਣ ਦੇ ਸਬੂਤ ਮਿਲੇ ਹਨ। ਪੀਜੀਆਈ ਦੇ ਕਮਿਊਨਿਟੀ ਮੈਡੀਸਨ ਐਂਡ ਸਕੂਲ ਆਫ਼ ਪਬਲਿਕ ਹੈਲਥ ਦੇ ਵਾਤਾਵਰਣ ਮਾਹਿਰ ਡਾ. ਰਵਿੰਦਰ ਖੇਵਾਲ ਨੇ ਸੈਟਲਾਈਟ ਤਸਵੀਰ ਰਾਹੀਂ ਦੱਸਿਆ ਕਿ ਐਤਵਾਰ ਨੂੰ 12 ਵਜੇ ਤੋਂ ਬਾਅਦ ਪੰਜਾਬ ‘ਚ 2820 ਥਾਂਵਾਂ ‘ਤੇ ਪਰਾਲੀ ਨੂੰ ਅੱਗ ਲਾਈ ਗਈ।


ਇਸ ਤੋਂ ਪਹਿਲਾਂ ਪਰਾਲੀ ਸਾੜਨ ਦੇ ਸਪੌਟ ਘੱਟ ਹੋਣ ਲੱਗੇ ਸੀ। ਸ਼ਨੀਵਾਰ ਨੂੰ 200 ਸਪੌਟ ਦਰਜ ਕੀਤੇ ਗਏ ਸੀ ਜਿੱਥੇ ਪਰਾਲੀ ਨੂੰ ਅੱਗ ਲਗਾਈ ਗਈ ਸੀ। ਡਾ. ਖੇਵਾਲ ਦਾ ਕਹਿਣਾ ਹੈ ਕਿ ਇਸ ਸਮੇਂ ਹਵਾ ਦੀ ਦਿਸ਼ਾ ਪੰਜਾਬ ਤੋਂ ਦਿੱਲੀ ਵੱਲ ਦੀ ਹੈ। ਅਜਿਹੇ ‘ਚ ਦਿੱਲੀ ਦੀ ਹਵਾ ਹੋਰ ਜ਼ਹਿਰੀਲੀ ਹੋਣ ਦਾ ਖਦਸ਼ਾ ਹੈ।

ਸੂਬੇ ‘ਚ ਅੱਗ ਲੱਗਣ ਦੀ ਘਟਨਾਵਾਂ ਕਰਕੇ ਪੰਜਾਬ ‘ਚ ਹਵਾ ਦੀ ਗੁਣਵੱਤਾ ਖ਼ਰਾਬ ਹੋਣ ਲੱਗੀ ਹੈ। ਅੰਮ੍ਰਿਤਸਰ ‘ਚ ਸ਼ਾਮ ਸੱਤ ਵਜੇ ਏਅਰ ਕੁਆਲਟੀ 320, ਬਠਿੰਡਾ ‘ਚ 300, ਜਲੰਧਰ ‘ਚ 320 ਲੁਧਿਆਣਾ ‘ਚ 345 ਤੇ ਖੰਨਾ ‘ਚ 348 ਦਰਜ ਕੀਤੀ ਗਈ ਹੈ। ਇਸ ਦੇ ਨਾਲ ਹੀ ਡਾ. ਖੇਵਾਲ ਨੇ ਕਿਹਾ ਕਿ ਜੇਕਰ ਅਗਲੇ ਦੋ-ਤਿੰਨ ਦਿਨ ‘ਚ ਬਾਰਸ਼ ਨਹੀਂ ਹੁੰਦੀ ਤਾਂ ਉੱਤਰ ਭਾਰਤ ‘ਚ ਗੈਸ ਦਾ ਚੈਂਬਰ ਬਣ ਜਵੇਗਾ।