Punjab News: ਹਮੀਰਪੁਰ ਦੇ ਸਰਕਾਰੀ ਕਾਲਜ ਦੇ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਅੰਮ੍ਰਿਤਸਰ ਵਿੱਚ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨਾਲ ਮੁਲਾਕਾਤ ਕੀਤੀ। ਵਿਦਿਆਰਥੀਆਂ ਨੇ ਕਿਹਾ ਕਿ ਕੁਝ ਲੋਕਾਂ ਨੇ ਉਨ੍ਹਾਂ ਨੂੰ ਪੰਜਾਬ ਆਉਣ ਤੋਂ ਵਰਜਿਆ ਸੀ ਪਰ ਇੱਥੇ ਆਉਣ ਤੋਂ ਬਾਅਦ ਉਸਨੂੰ ਕੋਈ ਖ਼ਤਰਾ ਮਹਿਸੂਸ ਨਹੀਂ ਹੋਇਆ।
ਵਿਦਿਆਰਥੀ ਤੇ ਅਧਿਆਪਕ ਨੇ ਹਿਮਾਚਲ ਵਿੱਚ ਗੁਰਦੁਆਰਾ ਬਣਾਉਣ ਲਈ ਜ਼ਮੀਨ ਦੇਣ ਬਾਰੇ ਗੱਲ ਕੀਤੀ। ਜਥੇਦਾਰ ਨੇ ਭਰੋਸਾ ਦਿੱਤਾ ਕਿ ਪੰਜਾਬ ਗੁਰੂਆਂ ਦੀ ਧਰਤੀ ਹੈ। ਇੱਥੇ ਕੋਈ ਉਨ੍ਹਾਂ ਦਾ ਵਿਰੋਧ ਨਹੀਂ ਕਰ ਸਕਦਾ। ਜਥੇਦਾਰ ਨੇ ਦੋਵਾਂ ਸੂਬਿਆਂ ਦੇ ਲੋਕਾਂ ਨੂੰ ਸਦਭਾਵਨਾ ਬਣਾਈ ਰੱਖਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸਿਆਸਤਦਾਨ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਹਨ। ਪੰਜਾਬ ਤੋਂ ਆਉਣ ਵਾਲੇ ਸੈਲਾਨੀਆਂ ਨੂੰ ਹਿਮਾਚਲ ਵਿੱਚ ਰੋਕਣ ਲਈ ਆਮ ਲੋਕ ਨਹੀਂ, ਸਗੋਂ ਸਿਆਸਤਦਾਨ ਜ਼ਿੰਮੇਵਾਰ ਹਨ।
ਹਾਲ ਹੀ ਵਿੱਚ ਹਿਮਾਚਲ ਵਿੱਚ ਪੰਜਾਬ ਤੋਂ ਆਏ ਸੈਲਾਨੀਆਂ ਦੇ ਮੋਟਰਸਾਈਕਲਾਂ ਤੋਂ ਸੰਤ ਭਿੰਡਰਾਂਵਾਲਾ ਦੇ ਝੰਡੇ ਉਤਾਰ ਦਿੱਤੇ ਗਏ ਸਨ। ਇਸ ਤੋਂ ਬਾਅਦ ਪੰਜਾਬ ਵਿੱਚ ਹਿਮਾਚਲ ਦੀਆਂ ਬੱਸਾਂ 'ਤੇ ਖਾਲਿਸਤਾਨ ਦੇ ਨਾਅਰੇ ਲਿਖੇ ਗਏ। ਤਣਾਅ ਕਾਰਨ ਕੱਲ੍ਹ ਹਿਮਾਚਲ ਦੀਆਂ ਬੱਸਾਂ ਨੂੰ ਜਲੰਧਰ ਤੋਂ ਵਾਪਸ ਭੇਜ ਦਿੱਤਾ ਗਿਆ।
ਜ਼ਿਕਰ ਕਰ ਦਈਏ ਕਿ ਪੰਜਾਬ 'ਚ HRTC ਬੱਸਾਂ 'ਤੇ ਹੋਏ ਹਮਲਿਆਂ ਨੂੰ ਲੈ ਕੇ ਹੁਣ ਹਿਮਾਚਲ ਪ੍ਰਦੇਸ਼ ਸਰਕਾਰ ਨੇ ਸਖਤ ਰੁਖ ਅਪਣਾ ਲਿਆ ਹੈ। ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਨੇ ਇਸ ਮਾਮਲੇ 'ਤੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਦ ਤੱਕ ਪੰਜਾਬ 'ਚ HRTC ਬੱਸਾਂ ਦੀ ਸੁਰੱਖਿਆ ਨੂੰ ਯਕੀਨੀ ਨਹੀਂ ਬਣਾਇਆ ਜਾਂਦਾ, ਤਦ ਤੱਕ ਹਿਮਾਚਲ ਦੀਆਂ 600 ਬੱਸਾਂ ਪੰਜਾਬ 'ਚ ਨਹੀਂ ਰੁਕਣਗੀਆਂ। ਉਨ੍ਹਾਂ ਇਹ ਵੀ ਸਾਫ ਕਰ ਦਿੱਤਾ ਕਿ ਹੁਣ ਹਿਮਾਚਲ ਦੀ ਕੋਈ ਵੀ ਬੱਸ ਪੰਜਾਬ ਦੇ ਬੱਸ ਅੱਡਿਆਂ 'ਤੇ ਪਾਰਕ ਨਹੀਂ ਹੋਏਗੀ।
ਮੁਕੇਸ਼ ਮੁਕੇਸ਼ ਅਗਨੀਹੋਤਰੀ ਨੇ ਦੱਸਿਆ ਕਿ ਇਸ ਮਸਲੇ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਗੱਲਬਾਤ ਹੋਈ ਹੈ। ਹਿਮਾਚਲ ਦੇ ਡੀਜੀਪੀ ਨੇ ਪੰਜਾਬ ਦੇ ਡੀਜੀਪੀ ਨਾਲ ਗੱਲ ਕੀਤੀ ਹੈ। ਇਹ ਮਾਮਲਾ ਕੇਂਦਰ ਸਰਕਾਰ ਦੇ ਸਾਹਮਣੇ ਵੀ ਉਠਾਇਆ ਜਾਵੇਗਾ। ਯਾਤਰੀਆਂ ਅਤੇ ਡਰਾਈਵਰ-ਕੰਡਕਟਰ ਦੀ ਸੁਰੱਖਿਆ ਸਾਡੀ ਤਰਜੀਹ ਹੈ। CM ਸੁੱਖੂ ਦੇ ਬਿਆਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਪੰਜਾਬ ਵਿੱਚ ਹਿਮਾਚਲ ਦੀਆਂ ਬੱਸਾਂ ਦੀ ਭੰਨਤੋੜ ਕੀਤੀ ਗਈ ਹੈ। ਅਸੀਂ ਇਸ ਸਬੰਧੀ ਭਗਵੰਤ ਮਾਨ ਨਾਲ ਗੱਲ ਕੀਤੀ ਹੈ ਅਤੇ ਜਲਦੀ ਹੀ ਇਸਦਾ ਹੱਲ ਕੱਢਾਂਗੇ।