ਰੌਬਟ ਦੀ ਰਿਪੋਰਟ ਚੰਡੀਗੜ੍ਹ: ਪੰਜਾਬ ਸਰਕਾਰ ਨੇ ਕੋਵਿਡ-19 ਦੇ ਪ੍ਰਕੋਪ ਕਾਰਨ ਵਿਦੇਸ਼ਾਂ ਵਿੱਚ ਫਸੇ ਤੇ ਵਾਪਸ ਪਰਤਣ ਦੀ ਇੱਛਾ ਰੱਖਣ ਵਾਲੇ ਰਾਜ ਦੇ ਵਸਨੀਕਾਂ ਦਾ ਵੇਰਵਾ ਮੰਗਿਆ ਹੈ। ਬਹੁਤ ਸਾਰੇ ਵਿਦਿਆਰਥੀ ਘਰ ਪਰਤਣ ਲਈ ਉਤਸੁਕ ਹਨ, ਖ਼ਾਸਕਰ ਜਿਹੜੇ ਆਸਟਰੇਲੀਆ ਤੇ ਕਨੇਡਾ ਵਿੱਚ ਫਸੇ ਹੋਏ ਹਨ। ਸੀਨੀਅਰ ਸਰਕਾਰੀ ਕਾਰਜਕਾਰੀ ਨੇ ਕਿਹਾ, ਜ਼ਿਲ੍ਹਾ ਅਧਿਕਾਰੀਆਂ ਵੱਲੋਂ ਪਹਿਲਾਂ ਹੀ ਰਾਜ ਦੇ ਵੱਖ-ਵੱਖ ਹਿੱਸਿਆਂ ਵਿੱਚ ਫਸੇ ਵਿਦੇਸ਼ੀ ਨਾਗਰਿਕਾਂ ਨੂੰ ਯਾਤਰਾ ਦੀ ਸਹੂਲਤ ਦਿੱਤੀ ਜਾ ਰਹੀ ਹੈ। ਹੁਣ, ਵਿਦੇਸ਼ਾਂ ਤੋਂ ਵਿਦਿਆਰਥੀਆਂ ਤੇ ਹੋਰਾਂ ਦੀ ਯਾਤਰਾ ਲਈ ਕੇਂਦਰ ਨਾਲ ਮਿਲ ਕਿ ਪ੍ਰਬੰਧ ਕੀਤੀ ਜਾ ਰਹੇ ਹਨ।” ਸਟੇਟ ਕੋਵਿਡ ਕੰਟਰੋਲ ਰੂਮ ਦੇ ਮੁਖੀ ਰਾਹੁਲ ਤਿਵਾੜੀ ਨੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਅਜਿਹੇ ਵਿਅਕਤੀਆਂ ਦੇ ਵੇਰਵੇ ਭੇਜਣ ਲਈ ਕਿਹਾ ਹੈ ਜੋ ਵਿਦੇਸ਼ਾਂ ਵਿੱਚ ਫਸੇ ਹੋਏ ਹਨ ਅਤੇ ਵਾਪਸ ਪਰਤਣ ਲਈ ਇੱਛੁਕ ਹਨ। ਸਰਕਾਰ ਨੇ ਕਿਹਾ ਕਿ ਵਾਪਸ ਆਉਣ ਦੀ ਇੱਛਾ ਰੱਖਣ ਵਾਲੇ ਲੋਕਾਂ ਨੂੰ ਪ੍ਰਸ਼ਾਸਨ ਵਲੋਂ ਦਿੱਤੇ ਲਿੰਕ 'ਤੇ ਆਪਣੇ ਵੇਰਵੇ ਅਪਲੋਡ ਕਰਨ ਦੀ ਜ਼ਰੂਰਤ ਹੈ ਜਾਂ ਆਪਣਾ ਨਾਮ, ਮੋਬਾਈਲ ਨੰਬਰ, ਵਿਦੇਸ਼ਾਂ ਵਿੱਚ ਮੌਜੂਦਾ ਪਤਾ, ਪਾਸਪੋਰਟ ਨੰਬਰ, ਈਮੇਲ ਪਛਾਣ ਤੇ ਨਜ਼ਦੀਕੀ ਹਵਾਈ ਅੱਡੇ ਬਾਰੇ ਜਾਣਕਾਰੀ ਆਪਣੇ ਸ਼ਹਿਰ ਵਿਖੇ ਈਮੇਲ ਕਰ ਸਕਦੇ ਹਨ। ਇੱਕ ਅਧਿਕਾਰੀ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਰਾਜਦੂਤ ਤੇ ਹਾਈ ਕਮਿਸ਼ਨਰ ਵਿਦੇਸ਼ਾਂ ਵਿੱਚ ਭਾਰਤੀਆਂ ਨਾਲ ਬਾਕਾਇਦਾ ਸੰਪਰਕ ਵਿੱਚ ਰਹਿੰਦੇ ਹਨ ਤੇ ਉਨ੍ਹਾਂ ਨੂੰ ਸਹਾਇਤਾ ਦੇ ਰਹੇ ਹਨ।