ਚੰਡੀਗੜ੍ਹ : ਆਮ ਆਦਮੀ ਦੇ ਸਾਬਕਾ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਆਖਿਆ ਕਿ ਸੂਬੇ ਵਿੱਚ ਛੇਤੀ ਹੀ ਨਵੀਂ ਰਾਜਨੀਤਿਕ ਪਾਰਟੀ ਬਣੇਗੀ ਜਿਸ ਦੀ ਅਗਵਾਈ ਆਵਾਜ਼ -ਏ- ਪੰਜਾਬ ਫ਼ਰੰਟ ਕਰੇਗਾ। ਚੰਡੀਗੜ੍ਹ ਵਿੱਚ ਏਬੀਪੀ ਸਾਂਝਾ ਨਾਲ ਖ਼ਾਸ ਤੌਰ ਉੱਤੇ ਗੱਲਬਾਤ ਕਰਦਿਆਂ ਸੁੱਚਾ ਸਿੰਘ ਛੋਟੇਪੁਰ ਨੇ ਆਖਿਆ ਕਿ  ਜਲਦੀ ਹੀ ਨਵਜੋਤ ਸਿੰਘ ਸਿੱਧੂ, ਪਰਗਟ ਸਿੰਘ, ਬੈਂਸ ਭਰਾ , ਸਾਂਸਦ ਧਰਮਵੀਰ ਗਾਂਧੀ ਅਤੇ ਹਰਿੰਦਰ ਸਿੰਘ ਖ਼ਾਲਸਾ ਇਸ ਰਾਜਨੀਤਿਕ ਪਾਰਟੀ ਦਾ ਅਹਿਮ ਹਿੱਸਾ ਹੋਣਗੇ। ਉਨ੍ਹਾਂ ਆਖਿਆ ਕਿ  ਪੰਜਾਬ ਦੇ ਹੋਰ ਰਾਜਨੀਤਿਕ ਫਰੰਟਾਂ ਨੂੰ ਵੀ ਇਸ ਪਾਰਟੀ ਵਿੱਚ ਲੈ ਕੇ ਆਉਣ ਦੀ ਕੋਸ਼ਿਸ਼ ਹੈ ਅਤੇ ਪਾਰਟੀ ਦੇ ਨਾਮ ਦਾ ਐਲਾਨ ਛੇਤੀ ਹੀ ਕਰ ਦਿੱਤਾ ਜਾਵੇਗਾ। ਛੋਟੇਪੁਰ ਨੇ ਦਾਅਵਾ ਕੀਤਾ ਕਿ ਨਵੀਂ ਪਾਰਟੀ ਦੇ ਨਿਸ਼ਾਨੇ ਉੱਤੇ ਮੁੱਖ ਤੌਰ ਉੱਤੇ ਅਕਾਲੀ-ਬੀਜੇਪੀ ਸਰਕਾਰ ਦੀਆਂ ਨਾਕਾਮੀਆਂ ਹੋਣਗੀਆਂ। ਇਸ ਤੋਂ ਇਲਾਵਾ ਉਹ ਆਮ ਆਦਮੀ ਪਾਰਟੀਆਂ ਦੇ ਖੁਲਾਸੇ ਵੀ ਜਨਤਾ ਸਾਹਮਣੇ ਕਰਨਗੇ। ਪੰਜਾਬ ਪਰਿਵਰਤਨ ਯਾਤਰਾ ਦੀ ਸਮਾਪਤੀ ਤੋਂ ਬਾਅਦ ਚੰਡੀਗੜ੍ਹ ਪਹੁੰਚੇ ਸੁੱਚਾ ਸਿੰਘ ਛੋਟੇਪੁਰ ਨੇ ਆਖਿਆ ਕਿ ਛੇਤੀ ਹੀ ਉਹ ਨਵਜੋਤ ਸਿੰਘ ਸਿੱਧੂ ਨੂੰ ਮਿਲਣਗੇ। ਪਰਗਟ ਸਿੰਘ ਦੀ ਗੱਲ ਕਰਦਿਆਂ ਛੋਟੇਪੁਰ ਨੇ ਆਖਿਆ ਕਿ ਪਟਿਆਲਾ ਵਿੱਚ ਡਾਕਟਰ ਧਰਮਵੀਰ ਗਾਂਧੀ ਦੇ ਘਰ ਉਨ੍ਹਾਂ ਦੀ ਮੁਲਾਕਾਤ ਹੋਈ ਸੀ। ਆਮ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਉੱਤੇ ਸ਼ਬਦੀ ਹਮਲਾ ਕਰਦੇ ਹੋਏ ਛੋਟੇਪੁਰ ਨੇ ਆਖਿਆ ਕਿ ਪਾਰਟੀ ਕੋਲ ਪੰਜਾਬ ਵਿੱਚ ਕੋਈ ਚਿਹਰਾ ਨਹੀਂ ਹੈ। ਉਨ੍ਹਾਂ ਆਖਿਆ ਕਿ ਪੰਜਾਬੀਆਂ ਨੂੰ ਝੂਠੇ ਸੁਪਨੇ ਕੇਜਰੀਵਾਲ ਦਿਖਾ ਰਹੇ ਹਨ। ਉਨ੍ਹਾਂ ਬਿਨਾਂ ਨਾਮ ਲਏ ਕੇਜਰੀਵਾਲ ਨੂੰ ਬਹਿਰੂਪੀਆ ਦੱਸਿਆ। ਉਹਨਾਂ ਦੋਸ਼ ਲਗਾਇਆ ਕਿ  ਪੰਜਾਬ ਦੇ ਨਾਲ ਨਾਲ ਕੇਜਰੀਵਾਲ ਨੇ ਵਿਦੇਸ਼ਾਂ ਵਿੱਚ ਬੈਠੇ ਪੰਜਾਬੀਆਂ ਤੋਂ ਵੀ ਪੈਸਾ ਲੁੱਟਿਆ ਹੈ।