ਚੰਡੀਗੜ੍ਹ : ਆਪਣਾ ਪੰਜਾਬ ਪਾਰਟੀ ਨੇ ਜਥੇਬੰਦਕ ਢਾਂਚੇ ਨੂੰ ਮਜਬੂਤ ਕਰਨ ਲਈ ਪਾਰਟੀ ਦੇ ਵੱਖ ਵੱਖ ਅਹੁਦੇਦਾਰਾਂ ਦਾ ਐਲਾਨ ਕੀਤਾ ਹੈ। ਚੰਡੀਗੜ੍ਹ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਾਰਟੀ ਦੇ ਮੁਖੀ ਸੁੱਚਾ ਸਿੰਘ ਛੋਟੇਪੁਰ ਨੇ ਜ਼ਿਲ੍ਹਾ ਪ੍ਰਧਾਨ, ਸਟੇਟ ਵਿੰਗ , ਮੈਨੀਫੈਸਟੋ ਕਮੇਟੀ ਤੇ ਪਾਰਟੀ ਦੇ ਬੁਲਾਰਿਆਂ ਦਾ ਐਲਾਨ ਕੀਤਾ।
ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁੱਚਾ ਸਿੰਘ ਛੋਟੇਪੁਰ ਨੇ ਐਲਾਨ ਕੀਤਾ ਕਿ ਪਾਰਟੀ ਦੇ ਚੋਣ ਨਿਸ਼ਾਨ ਲਈ ਅਰਜ਼ੀ ਦੇ ਦਿੱਤੀ ਗਈ ਹੈ ਅਤੇ ਉਮੀਦ ਹੈ ਛੇਤੀ ਹੀ ਮਿਲ ਜਾਵੇਗਾ। ਇਸ ਦੌਰਾਨ ਉਨ੍ਹਾਂ ਆਮ ਆਦਮੀ ਪਾਰਟੀ ਉੱਤੇ ਤਿੱਖੇ ਸ਼ਬਦੀ ਹਮਲੇ ਕੀਤੇ। ਉਹਨਾਂ ਦੋਸ਼ ਲਗਾਇਆ ਕਿ ਆਪ ਪਾਰਟੀ ਨੇ ਉਹਨਾਂ ਨੂੰ ਕਨਵੀਨਰਸਿੱਪ ਦਾ ਨਿਯੁਕਤੀ ਪੱਤਰ ਵੀ ਨਹੀਂ ਦਿੱਤਾ ਸੀ।
ਉਨ੍ਹਾਂ ਆਖਿਆ ਕਿ ਅਵਾਜ਼-ਏ-ਪੰਜਾਬ ਫ਼ਰੰਟ ਦੇ ਨਵਜੋਤ ਸਿੰਘ ਸਿੱਧੂ ਅਤੇ ਸਾਂਸਦ ਧਰਮਵੀਰ ਗਾਂਧੀ ਦੇ ਉਹ ਅਜੇ ਵੀ ਸੰਪਰਕ ਵਿੱਚ ਹਨ। ਉਨ੍ਹਾਂ ਦਾਅਵਾ ਕੀਤਾ ਕਿ ਡਾਕਟਰ ਧਰਮਵੀਰ ਗਾਂਧੀ ਨੇ ਉਨ੍ਹਾਂ ਨੂੰ ਸਮਰਥਨ ਦੇਣ ਦੇਣ ਦਾ ਭਰੋਸਾ ਦਿੱਤਾ ਹੈ।