ਚੰਡੀਗੜ੍ਹ: ਅਕਾਲੀ ਲੀਡਰ ਪੰਥ 'ਚ ਵਾਪਸ ਆਉਣ ਲਈ ਕਾਹਲੇ ਹਨ। ਸ੍ਰੀ ਅਕਾਲ ਤਖਤ ਵੱਲੋਂ ਖਿਮਾ ਯਾਚਨਾ ਕਰਨ ਤੇ ਆਪਣਾ ਗੁਨਾਹ ਕਬੂਲ ਕਰਨ ‘ਤੇ ਮੁਆਫ਼ੀ ਦੇਣ ਦੇ ਐਲਾਨ ਮਗਰੋਂ ਪੰਥ 'ਚੋਂ ਛੇਕੇ ਗਏ ਸੁੱਚਾ ਸਿੰਘ ਲੰਗਾਹ ਨੇ ਸ਼੍ਰੀ ਅਕਾਲ ਤਖ਼ਤ ਨੂੰ ਚਿੱਠੀ ਲਿਖੀ ਹੈ। ਲੰਗਾਹ ਵੱਲੋਂ ਪੰਥ ਵਿੱਚ ਵਾਪਸ ਸ਼ਾਮਲ ਕਰਨ ਦੀ ਗੁਜ਼ਾਰਿਸ਼ ਕੀਤੀ ਗਈ ਹੈ। ਲੰਗਾਹ ਨੂੰ ਬਲਾਤਕਾਰ ਦੇ ਮਾਮਲੇ ਵਿੱਚ ਫਸਣ ਮਗਰੋਂ ਪੰਥ ਵਿੱਚੋਂ ਛੇਕਿਆ ਗਿਆ ਸੀ।


ਦਰਅਸਲ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਵੱਖ ਵੱਖ ਕਾਰਨਾਂ ਕਰਕੇ ਪੰਥ ਵਿੱਚੋਂ ਛੇਕੇ ਵਿਅਕਤੀਆਂ ਨੂੰ ਸ੍ਰੀ ਅਕਾਲ ਤਖਤ ਕੋਲ ਖਿਮਾ ਯਾਚਨਾ ਕਰਨ ਤੇ ਆਪਣਾ ਗੁਨਾਹ ਕਬੂਲ ਕਰਨ ‘ਤੇ ਮੁਆਫ਼ੀ ਦੇਣ ਦਾ ਐਲਾਨ ਕੀਤਾ ਗਿਆ ਹੈ। ਇਸ ਸਬੰਧੀ ਮਾਮਲੇ ਪੰਜ ਸਿੰਘ ਸਾਹਿਬਾਨ ਦੀ ਸ੍ਰੀ ਅਕਾਲ ਤਖ਼ਤ ਵਿਖੇ 21 ਅਕਤੂਬਰ ਨੂੰ ਹੋ ਰਹੀ ਇਕੱਤਰਤਾ ਵਿੱਚ ਵਿਚਾਰੇ ਜਾਣਗੇ।

ਸ੍ਰੀ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਪੰਥ ਵਿੱਚੋਂ ਛੇਕੇ ਵਿਅਕਤੀਆਂ ਵਿੱਚੋਂ ਜੇਕਰ ਕੋਈ ਆਪਣਾ ਗੁਨਾਹ ਕਬੂਲ ਕਰਦਿਆਂ ਮੁਆਫ਼ੀ ਮੰਗਦਾ ਹੈ, ਤਾਂ ਉਸ ਦੀ ਖਿਮਾ ਯਾਚਨਾ ਬਾਰੇ ਵਿਚਾਰ ਕੀਤਾ ਜਾਵੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਸਿਰਫ ਵਿਅਕਤੀਗਤ ਤੌਰ ‘ਤੇ ਮਰਿਆਦਾ ਦੀ ਉਲੰਘਣਾ ਕਰਨ ਵਾਲਿਆਂ ਦੇ ਮਾਮਲੇ ਹੀ ਵਿਚਾਰੇ ਜਾਣਗੇ।

ਉਨ੍ਹਾਂ ਸਪਸ਼ਟ ਕੀਤਾ ਹੈ ਕਿ ਗੁਰੂ ਸਾਹਿਬ ਵੱਲੋਂ ਤੇ ਸਮੁੱਚੀ ਸਿੱਖ ਸੰਗਤ ਵੱਲੋਂ ਜਿਨ੍ਹਾਂ ਨੂੰ ਪੰਥ ਵਿਚੋਂ ਛੇਕਿਆ ਗਿਆ ਹੈ, ਉਨ੍ਹਾਂ ਦੀ ਵਾਪਸੀ ਲਈ ਮਾਮਲੇ ਨਹੀਂ ਵਿਚਾਰੇ ਜਾ ਸਕਦੇ। ਉਨ੍ਹਾਂ ਆਖਿਆ ਕਿ ਪੰਥ ਵਿੱਚੋਂ ਛੇਕੇ ਵਿਅਕਤੀ ਜੇਕਰ ਅਕਾਲ ਚਲਾਣਾ ਕਰ ਗਏ ਹਨ ਤਾਂ ਉਨ੍ਹਾਂ ਦੇ ਪਰਿਵਾਰ ਵੀ ਆਪਣੇ ਆਪ ਨੂੰ ਇਨ੍ਹਾਂ ਦੋਸ਼ਾਂ ਤੋਂ ਸੁਰਖਰੂ ਕਰਨ ਲਈ ਇਸ ਪਹਿਲਕਦਮੀ ਵਿੱਚ ਸ਼ਾਮਲ ਹੋ ਸਕਦੇ ਹਨ। ਉਨ੍ਹਾਂ ਆਖਿਆ ਕਿ ਇਸ ਸਬੰਧੀ ਕਿਸੇ ਨੂੰ ਸੱਦਾ ਨਹੀਂ ਦਿੱਤਾ ਜਾਵੇਗਾ, ਜੋ ਖੁਦ ਖਿਮਾ ਯਾਚਨਾ ਲਈ ਆਉਣਾ ਚਾਹੇ, ਉਸ ਦਾ ਮਾਮਲਾ ਵਿਚਾਰਿਆ ਜਾਵੇਗਾ।

ਹਾਸਲ ਜਾਣਕਾਰੀ ਮੁਤਾਬਕ ਪੰਥ ਵਿਚੋਂ ਛੇਕੇ ਲਗਪਗ ਦੋ ਦਰਜਨ ਵਿਅਕਤੀਆਂ ਵਿੱਚੋਂ ਦੋ ਵਿਅਕਤੀਆਂ ਵੱਲੋਂ ਖਿਮਾ ਯਾਚਨਾ ਸਬੰਧੀ ਅਪੀਲ ਕੀਤੀ ਜਾ ਚੁੱਕੀ ਹੈ। ਇਨ੍ਹਾਂ ਵੱਲੋਂ ਸ੍ਰੀ ਅਕਾਲ ਤਖ਼ਤ ’ਤੇ ਪੱਤਰ ਵੀ ਭੇਜੇ ਗਏ ਹਨ। ਇਨ੍ਹਾਂ ਵਿੱਚ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਤੇ ਚੀਫ ਖਾਲਸਾ ਦੀਵਾਨ ਦੇ ਸਾਬਕਾ ਪ੍ਰਧਾਨ ਚਰਨਜੀਤ ਸਿੰਘ ਚੱਢਾ ਸ਼ਾਮਲ ਹਨ।

ਕਾਬਲੇਗੌਰ ਹੈ ਕਿ ਸਾਬਕਾ ਅਕਾਲੀ ਮੰਤਰੀ, ਜੋ ਸ਼੍ਰੋਮਣੀ ਕਮੇਟੀ ਮੈਂਬਰ ਵੀ ਸੀ, ਦੀ ਇੱਕ ਔਰਤ ਨਾਲ ਨਾਜਾਇਜ਼ ਸਬੰਧਾਂ ਸਬੰਧੀ ਅਸ਼ਲੀਲ ਵੀਡੀਓ ਜਾਰੀ ਹੋਈ ਸੀ, ਜਿਸ ਤੋਂ ਬਾਅਦ ਉਸ ਨੂੰ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਦੀ ਮੈਂਬਰਸ਼ਿਪ ਤੋਂ ਫਾਰਗ ਕਰ ਦਿੱਤਾ ਗਿਆ ਸੀ। ਇਸੇ ਤਰ੍ਹਾਂ ਚੀਫ ਖਾਲਸਾ ਦੀਵਾਨ ਦੇ ਸਾਬਕਾ ਪ੍ਰਧਾਨ ਦੀ ਵੀ ਇੱਕ ਔਰਤ ਨਾਲ ਇਤਰਾਜ਼ਯੋਗ ਵੀਡੀਓ ਵਾਇਰਲ ਹੋਈ ਸੀ। ਇਹ ਦੋਵੇਂ ਹੀ ਆਗੂ ਕਾਨੂੰਨੀ ਪੱਖ ਤੋਂ ਇਨ੍ਹਾਂ ਦੋਸ਼ਾਂ ਤੋਂ ਬਰੀ ਹੋ ਚੁੱਕੇ ਹਨ।