Fazilka News: ਫਾਜ਼ਿਲਕਾ 'ਚ ਪੰਜ ਨਹਿਰਾਂ ਟੁੱਟਣ ਨਾਲ ਹਜ਼ਾਰਾਂ ਏਕੜ ਕਣਕ ਦੀ ਖੜ੍ਹੀ ਫਸਲ 'ਚ ਪਾਣੀ ਭਰ ਗਿਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਫਾਜ਼ਿਲਕਾ ਦੀਆਂ ਨਹਿਰਾਂ ਵਿੱਚ ਅਚਾਨਕ ਨਹਿਰੀ ਪਾਣੀ ਛੱਡ ਦਿੱਤਾ ਗਿਆ। ਤੇਜ਼ ਵਹਾਅ ਨਾਲ ਆਏ ਇਸ ਪਾਣੀ ਨੇ ਕਿਸਾਨਾਂ ਦੀਆਂ ਪੱਕੀਆਂ ਫਸਲਾਂ ਬਰਬਾਦ ਕਰ ਦਿੱਤੀਆਂ ਹਨ। ਹਜ਼ਾਰਾਂ ਏਕੜ ਫਸਲ ਪਾਣੀ ਵਿੱਚ ਡੁੱਬ ਗਈ ਹੈ।
ਹਾਸਲ ਜਾਣਕਾਰੀ ਮੁਤਾਬਕ ਨਹਿਰੀ ਪਾਣੀ ਨੇ ਫਾਜ਼ਿਲਕਾ 'ਚ ਤਬਾਹੀ ਮਚਾਈ ਹੈ। ਤੇਜ਼ ਵਹਾਅ ਨਾਲ ਆਏ ਪਾਣੀ ਨੇ ਫਾਜ਼ਿਲਕਾ ਦੀਆਂ 5 ਨਹਿਰਾਂ ਤੋੜ ਦਿੱਤੀਆਂ। ਨਹਿਰ ਟੁੱਟਣ ਕਾਰਨ ਕਣਕ ਦੀਆਂ ਪੱਕੀਆਂ ਫਸਲਾਂ 'ਚ ਕਈ ਫੁੱਟ ਤੱਕ ਪਾਣੀ ਜਮ੍ਹਾ ਹੋ ਗਿਆ ਤੇ ਫਸਲਾਂ ਬਰਬਾਦ ਹੋ ਗਈਆਂ।
ਕਿਸਾਨਾਂ ਅਨੁਸਾਰ ਨਹਿਰਾਂ ਦੀ ਸਫ਼ਾਈ ਨਾ ਹੋਣ ਕਾਰਨ ਪੱਕੀ ਹੋਈ ਫ਼ਸਲ ਬਰਬਾਦ ਹੋ ਗਈ ਹੈ। ਕਿਸਾਨਾਂ ਨੇ ਕਿਹਾ ਕਿ ਬਗੈਰ ਸੂਚਨਾ ਦਿੱਤੇ ਹੀ ਨਹਿਰਾਂ ਵਿੱਚ ਪਾਣੀ ਛੱਡ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਸ ਵੇਲੇ ਪਾਣੀ ਦੀ ਲੋੜ ਨਹੀਂ ਸੀ। ਅਜੇ 10 ਫੀਸਦੀ ਕਣਕ ਦੀ ਕਟਾਈ ਹੀ ਹੋਈ ਹੈ। ਅਚਾਨਕ ਆਏ ਪਾਣੀ ਨੇ ਕਣਕ ਦੀ ਪੱਕੀ ਫਸਲ ਨੂੰ ਬਰਬਾਦ ਕਰ ਦਿੱਤਾ। ਹੁਣ ਕਿਸਾਨ ਸਰਕਾਰ ਤੋਂ ਫ਼ਸਲ ਦੇ 100 ਫ਼ੀਸਦੀ ਨੁਕਸਾਨ ਦੇ ਮੁਆਵਜ਼ੇ ਦੀ ਮੰਗ ਕਰ ਰਹੇ ਹਨ।
ਦੱਸ ਦਈਏ ਕਿ ਫਾਜ਼ਿਲਕਾ ਪ੍ਰਸ਼ਾਸਨ ਮੁਤਾਬਕ ਫਾਜ਼ਿਲਕਾ ਦੇ ਜੰਡਵਾਲਾ ਖਰਤਾ, ਬਾਂਡੀਵਾਲਾ ਮਾਈਨਰ, ਓੜੀਆ ਵਾਲਾ ਮਾਈਨਰ, ਕੇਰੀਆ ਤੇ ਆਲਮ ਸ਼ਾਹ ਨਹਿਰਾਂ 'ਚ ਪਾੜ ਪੈ ਗਿਆ ਹੈ। ਇਹ ਜ਼ਿਆਦਾ ਪਾਣੀ ਰਿਲੀਜ਼ ਹੋਣ ਕਰਕੇ ਹੋਇਆ ਹੈ। ਇਸ ਤੋਂ ਬਾਅਦ ਪ੍ਰਸ਼ਾਸਨਿਕ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਹਨ। ਇਨ੍ਹਾਂ ਪਾੜਾਂ ਨੂੰ ਪੂਰਨ ਦਾ ਕੰਮ ਕੀਤਾ ਜਾ ਰਿਹਾ ਹੈ।
ਮੌਕੇ 'ਤੇ ਪਹੁੰਚੇ ਐਸਡੀਐਮ ਨਿਕਾਸ ਕੁਮਾਰ ਨੇ ਦੱਸਿਆ ਕਿ ਇਸ ਮਾਮਲੇ 'ਚ ਜਿੱਥੇ ਨਹਿਰਾਂ ਦੇ ਪਾੜ ਨੂੰ ਪਹਿਲ ਦੇ ਆਧਾਰ 'ਤੇ ਪੂਰਿਆ ਜਾ ਰਿਹਾ ਹੈ ਤੇ ਫ਼ਸਲ ਦੇ ਨੁਕਸਾਨ ਦੀ ਮਾਤਰਾ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ। ਉੱਥੇ ਇਹ ਵੀ ਜਾਂਚ ਕੀਤੀ ਜਾਵੇਗੀ ਕਿ ਕਿਸ ਦਾ ਕਸੂਰਵਾਰ ਹੈ। ਹਾਲਾਂਕਿ ਮੌਕੇ 'ਤੇ ਪਹੁੰਚੇ ਵਿਧਾਇਕ ਨੇ ਵੀ ਇਸ ਮਾਮਲੇ 'ਚ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ।