Sudhir Suri Murder : ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦੀ ਹੱਤਿਆ ਦੇ ਵਿਰੋਧ ਵਿੱਚ ਗੁਰਦਾਸਪੁਰ ਦੇ ਬਾਜ਼ਾਰ ਪੂਰੀ ਤਰ੍ਹਾਂ ਬੰਦ ਰਹੇ ਅਤੇ ਵੱਖ -ਵੱਖ ਹਿੰਦੂ ਸੰਗਠਨਾਂ ਦੇ ਆਗੂਆਂ ਵੱਲੋਂ ਸ਼ਹਿਰ ਵਿੱਚ ਇੱਕ ਵੱਡਾ ਰੋਸ ਮਾਰਚ ਕੱਢਿਆ ਗਿਆ, ਜੋ ਮਾਈ ਦਾ ਤਲਾਬ ਮੰਦਰ ਤੋਂ ਸ਼ੁਰੂ ਹੋਇਆ। ਸਵੇਰੇ ਹੀ ਹਿੰਦੂ ਸੰਗਠਨਾਂ ਦੇ ਆਗੂ ਮਾਈ ਦਾ ਤਲਾਬ ਮੰਦਰ ਵਿੱਚ ਇਕੱਠੇ ਹੋਣੇ ਸ਼ੁਰੂ ਹੋ ਗਏ ਅਤੇ ਰੋਸ ਮਾਰਚ ਕਰਦੇ ਹੋਏ ਪਰਸ਼ੂਰਾਮ ਚੌਕ ਵਿਚ ਖਾਲਿਸਤਾਨ ਮੁਰਦਾਬਾਦ ਅਤੇ ਸੁਧੀਰ ਸੂਰੀ ਅਮਰ ਰਹੇ ਦੇ ਨਾਅਰੇ ਲਗਾਏ।


ਇਸ ਤੋਂ ਬਾਅਦ ਇਕੱਠੇ ਹੋ ਕੇ ਸ਼ਹਿਰ ਅੰਦਰ ਪੈਦਲ ਮਾਰਚ ਕਰਕੇ ਲੋਕਾਂ ਨੂੰ ਦੁਕਾਨਾਂ ਬੰਦ ਰੱਖਣ ਦੀ ਅਪੀਲ ਕੀਤੀ। ਰੋਸ ਮਾਰਚ ਕਰਦੇ ਹੋਏ ਹਿੰਦੂ ਸੰਗਠਨਾਂ ਦੇ ਆਗੂ ਹਨੂੰਮਾਨ ਚੌਂਕ ਵਿਖੇ ਇਕੱਠੇ ਹੋਏ ਅਤੇ ਚੌਂਕ ਵਿਖੇ ਵੱਖ -ਵੱਖ ਆਗੂਆਂ ਨੇ ਸੰਬੋਧਨ ਕਰਦੇ ਹੋਏ ਸੁਧੀਰ ਸੂਰੀ ਨੂੰ ਸ਼ਹੀਦ ਦਾ ਦਰਜਾ ਦੇਣ ਦੀ ਮੰਗ ਕੀਤੀ। ਇਸ ਮੌਕੇ 'ਤੇ ਸ਼ਹਿਰ ਅੰਦਰ ਅਮਨ ਕਾਨੂੰਨ ਦੀ ਸਥਿਤੀ ਨੂੰ ਬਹਾਲ ਰੱਖਣ ਦੇ ਲਈਪੁਲਿਸ ਪ੍ਰਸ਼ਾਸਨ ਵੱਲੋਂ ਵੀ ਕੜੇ ਪ੍ਰਬੰਧ ਕੀਤੇ ਗਏ ਅਤੇ ਸ਼ਹਿਰ ਅੰਦਰ ਭਾਰੀ ਪੁਲੀਸ ਬਲ ਤੈਨਾਤ ਕੀਤਾ ਗਿਆ। 

 

 ਇਸ ਮੌਕੇ ਜਾਣਕਾਰੀ ਦਿੰਦਿਆਂ ਡੀਐਸਪੀ ਸਿਟੀ ਰਿਪੁਤਪਨ ਸਿੰਘ ਨੇ ਕਿਹਾ ਕਿ ਸ਼ਹਿਰ ਅੰਦਰ 100 ਤੋਂ ਵੱਧ ਪੁਲੀਸ ਕਰਮਚਾਰੀ ਵੱਖ -ਵੱਖ ਜਗ੍ਹਾ 'ਤੇ ਤੈਨਾਤ ਕੀਤੇ ਗਏ ਹਨ ਨਾਲੇ ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਸ਼ਹਿਰ ਵਾਸੀ ਸ਼ਾਂਤੀ ਬਣਾਈ ਰੱਖਣ ਅਤੇ ਕਿਸੇ ਤਰ੍ਹਾਂ ਦਾ ਕੋਈ ਭੜਕਾਊ ਭਾਸ਼ਣ ਨਾ ਕਰਨ ਅਤੇ ਕਿਸੇ ਵੀ ਅਫ਼ਵਾਹ 'ਤੇ ਯਕੀਨ ਨਾ ਕੀਤਾ ਜਾਵੇ। 

 


ਅੰਮ੍ਰਿਤਸਰ 'ਚ ਸ਼ੁੱਕਰਵਾਰ ਨੂੰ ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦਾ ਪ੍ਰਦਰਸ਼ਨ ਦੌਰਾਨ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਗੋਲ਼ੀਆਂ ਲੱਗਣ ਨਾਲ ਸੁਧੀਰ ਸੂਰੀ ਜ਼ਖ਼ਮੀ ਹੋ ਗਏ ਸਨ, ਜਿਨ੍ਹਾਂ ਜ਼ਖ਼ਮੀ ਹਾਲਤ ’ਚ ਹਸਪਤਾਲ ਲਿਜਾਇਆ ਗਿਆ ਸੀ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ। ਮਜੀਠੀ ਰੋਡ ਉੱਪਰ ਇਹ ਘਟਨਾ ਵਾਪਰੀ ਹੈ। 

 

ਮਿਲੀ ਜਾਣਕਾਰੀ ਅਨੁਸਾਰ ਸ਼ਿਵ ਸੈਨਾ ਆਗੂ ਸੁਧੀਰ ਸੂਰੀ ਗੋਪਾਲ ਮੰਦਿਰ ਦੇ ਬਾਹਰ ਸ਼ਿਵ ਸੈਨਾ ਆਗੂਆਂ ਨਾਲ ਧਾਰਮਿਕ ਮੂਰਤੀਆਂ ਦੀ ਬੇਅਦਬੀ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਸਨ, ਜਿੱਥੇ ਝਗੜਾ ਹੋ ਗਿਆ। ਇਸ ਦੌਰਾਨ ਇਕ ਅਣਪਛਾਤੇ ਹਮਲਾਵਰ ਨੇ ਸੁਧੀਰ ਸੂਰੀ ’ਤੇ ਗੋਲ਼ੀਆਂ ਚਲਾ ਦਿੱਤੀਆਂ, ਜਿਸ ਕਾਰਨ ਸੁਧੀਰ ਸੁਰੀ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ ਸਨ। ਜਿਸ ਤੋਂ ਬਾਅਦ ਤੁਰੰਤ ਉਨ੍ਹਾਂ ਨੂੰ ਪ੍ਰਾਈਵੇਟ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ।