Punjab News: ਪੰਜਾਬ ਦੇ ਉਦਯੋਗਾਂ ਨਾਲ ਭਾਈਵਾਲੀ ਕਰਨ ਅਤੇ ਇਸ ਖੇਤਰ ਵਿੱਚ ਵਿਕਾਸ ਸਬੰਧੀ ਸੂਬੇ ਦੀਆਂ ਵਿਆਪਕ ਸੰਭਾਵਨਾਵਾਂ ਦੀ ਪੜਚੋਲ ਕਰਨ ਲਈ ਹੋਰਨਾਂ ਆਈ.ਟੀ. ਕਾਰੋਬਾਰਾਂ ਨੂੰ ਸੱਦਾ ਦਿੰਦਿਆਂ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਸਾਰੇ ਨਿਵੇਸ਼ਕਾਂ ਦਾ ਪੰਜਾਬ ਵਿੱਚ ਸਵਾਗਤ ਕੀਤਾ ਅਤੇ ਕਿਹਾ ਕਿ ਸੂਬੇ ਵਿੱਚ ਆਈ.ਟੀ. ਅਤੇ ਸਟਾਰਟਅੱਪ ਸੈਕਟਰ ਦੀ ਪ੍ਰਗਤੀ ਲਈ ਢੁਕਵਾਂ ਮਾਹੌਲ ਉਪਲੱਬਧ ਹੈ।
ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਵਿੱਚ ਹੁਣ ਬਹੁਤ ਮੌਕੇ ਸਿਰਜੇ ਜਾ ਰਹੇ ਹਨ। ਮੁੱਖ ਮੰਤਰੀ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਪੰਜਾਬ ਨੂੰ ਉਦਯੋਗਿਕ ਹੱਬ ਵਜੋਂ ਬਦਲ ਕੇ ਆਰਥਿਕ ਵਿਕਾਸ ਦੀਆਂ ਨਵੀਆਂ ਬੁਲੰਦਿਆਂ ‘ਤੇ ਪਹੁੰਚਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਜਨਮ ਤੋਂ ਹੀ ਉੱਦਮੀ ਹਨ ਅਤੇ ਉਹ ਸਖ਼ਤ ਮਿਹਨਤ ਵਿੱਚ ਵਿਸ਼ਵਾਸ ਰੱਖਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਨੀਤੀਗਤ ਫੈਸਲਿਆਂ ਵਿੱਚ ਵਿਚਾਰ ਰੱਖਣ ਲਈ ਉਦਯੋਗਾਂ ਨੂੰ ਬਰਾਬਰ ਦਾ ਸਥਾਨ ਦੇਣ ਵੱਲ ਵਿਸ਼ੇਸ਼ ਧਿਆਨ ਦਿੱਤਾ ਹੈ। ਪੰਜਾਬੀ ਉੱਦਮੀ ਕੁੱਲ ਦੁਨੀਆ ਵਿੱਚ ਆਪਣੀ ਮਿਹਨਤ ਨਾਲ ਨਾਮ ਕਮਾ ਰਹੇ ਹਨ, ਹਾਲ ਹੀ ਵਿੱਚ ਅਜੈ ਬੰਗਾ ਦੇ ਵਿਸ਼ਵ ਬੈਂਕ ਦੇ ਮੁਖੀ ਬਣਨ ਨਾਲ ਪੰਜਾਬ ਦਾ ਨਾਮ ਹੋਰ ਰੌਸ਼ਨ ਹੋਇਆ ਹੈ।
ਮੀਤ ਹੇਅਰ ਨੇ ਅੱਗੇ ਕਿਹਾ ਕਿ ਪੰਜਾਬ ਵਿੱਚ ਮੌਜੂਦਾ ਸਮੇਂ ਲਗਭਗ 35,000 ਆਈ.ਟੀ. ਪੇਸ਼ੇਵਰਾਂ ਵਾਲੀਆਂ 150 ਤੋਂ ਵੱਧ ਰਜਿਸਟਰਡ ਆਈ.ਟੀ. ਇਕਾਈਆਂ ਕਾਰਜਸ਼ੀਲ ਹਨ। ਅੱਜ ਦੇ ਸਮਾਗਮ ਦੀ ਮੇਜ਼ਬਾਨੀ ਕਰਨ ਵਾਲਾ ਮੁਹਾਲੀ ਸ਼ਹਿਰ ਤੇਜ਼ੀ ਨਾਲ ਆਈ.ਟੀ. ਹੱਬ ਵਜੋਂ ਵਿਕਸਤ ਹੋ ਰਿਹਾ ਹੈ। ਇਹ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਨਾਲ ਇੱਕ ਮਹੱਤਵਪੂਰਨ ਸਥਾਨ ‘ਤੇ ਸਥਿਤ ਹੈ। ਲਗਭਗ 1700 ਏਕੜ ਦੇ ਫੈਲੇ ਪ੍ਰਾਜੈਕਟਾਂ ਅਤੇ ਸੰਚਾਲਨ ਦੇ ਵੱਖ-ਵੱਖ ਪੜਾਵਾਂ ਅਧੀਨ 60 ਤੋਂ ਵੱਧ ਆਈਟੀ ਕੰਪਨੀਆਂ ਨਾਲ ਇਹ ਆਈ.ਟੀ. ਸਿਟੀ ਵੱਖ-ਵੱਖ ਬੇਮਿਸਾਲ ਮੌਕੇ ਪ੍ਰਦਾਨ ਕਰਦੀ ਹੈ।
ਇਸ ਦੇ ਨਾਲ ਹੀ ਕੁਆਰਕ ਸਿਟੀ 10 ਲੱਖ ਵਰਗ ਫੁੱਟ ਖੇਤਰ ਵਿੱਚ ਫੈਲੀ ਹੋਈ ਹੈ ਅਤੇ ਇਹ 70 ਤੋਂ ਵੱਧ ਆਈ.ਟੀ./ਆਈ.ਟੀਜ਼ ਕੰਪਨੀਆਂ ਵਾਲੀ ਇੱਕ ਨੋਟੀਫਾਈਡ ਆਈ.ਟੀ. ਸਪੈਸ਼ਲ ਈਕੋਨੋਮਿਕ ਜ਼ੋਨ ਹੈ। ਪੰਜਾਬ ਉੱਤਰੀ ਭਾਰਤ ਦਾ ਈ.ਐਸ.ਡੀ.ਐਮ. ਹੱਬ ਵੀ ਹੈ, ਜਿਸ ਵਿੱਚ ਮੋਹਾਲੀ ਵਿਖੇ ਭਾਰਤ ਦੀ ਇੱਕੋ ਇੱਕ ਐਪਲੀਕੇਸ਼ਨ ਸਪੈਸਿਫਿਕ ਇੰਟੀਗ੍ਰੇਟਿਡ ਸਰਕਟ (ਏ.ਐਸ.ਆਈ.ਸੀ.) ਉਤਪਾਦਨ ਇਕਾਈ ਸਥਿਤ ਹੈ। ਮੀਤ ਹੇਅਰ ਨੇ ਅੱਗੇ ਕਿਹਾ ਕਿ ਮੌਜੂਦਾ ਸਮੇਂ ਪੰਜਾਬ ਵਿੱਚ 800 ਤੋਂ ਵੱਧ ਸਟਾਰਟਅੱਪ ਦੇ ਨਾਲ ਨਾਲ 20 ਤੋਂ ਵੱਧ ਸਰਕਾਰੀ ਫੰਡਿਡ ਅਤੇ ਪ੍ਰਾਈਵੇਟ ਇਨਕਿਊਬੇਟਰ ਅਤੇ ਐਕਸਲੇਟਰ ਮੌਜੂਦ ਹਨ।