ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਕਸਰ ਜ਼ੁਬਾਨ ਫਿਸਲਣ ਕਰਕੇ ਚਰਚਾ ਵਿੱਚ ਰਹਿੰਦੇ ਹਨ। ਅੱਜ ਅੰਮ੍ਰਿਤਸਰ ਫਿਰ ਅਜਿਹਾ ਹੀ ਵਾਪਰਿਆ। ਇੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਸੁਖਬੀਰ ਬਾਦਲ ਦੀ ਫਿਰ ਜ਼ੁਬਾਨ ਫਿਸਲ ਗਈ। ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਂ ਤਾਰੀਫ ਕਰਦੇ ਰਹੇ ਪਰ ਆਪਣੇ ਹੀ ਗੱਠਜੋੜ ਐਨਡੀਏ 'ਤੇ ਭੜਾਸ ਕੱਢਦੇ ਰਹੇ। ਉਨ੍ਹਾਂ ਨੇ ਐਨਡੀਏ ਬਿਨਾ ਨੇਤਾ ਦੇ ਗਠਜੋੜ ਤੱਕ ਕਹਿ ਦਿੱਤਾ। ਮੀਡੀਆ ਦੀ ਹੈਰਾਨੀ ਮਗਰੋਂ  ਸੁਖਬੀਰ ਬਾਦਲ ਨੇ ਆਪਣੀ ਗਲਤੀ ਸੁਧਾਰੀ। ਦਰਅਸਲ ਸੁਖਬੀਰ ਬਾਦਲ ਆਪਣੀ ਪਤਨੀ ਤੇ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਨਾਲ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸੀ। ਇਸ ਦੌਰਾਨ ਗਲਤੀ ਨਾਲ ਉਹ ਕਾਂਗਰਸ ਦੀ ਅਗਵਾਈ ਵਾਲੇ ਯੂਪੀਏ ਦੀ ਥਾਂ ਆਪਣੇ ਭਾਈਵਾਲ ਐਨਡੀਏ 'ਤੇ ਇਲਜ਼ਾਮ ਲਾਉਂਦੇ ਰਹੇ ਕਿ ਉਨ੍ਹਾਂ ਕੋਲ ਯੋਗ ਅਗਵਾਈ ਵਾਲਾ ਨੇਤਾ ਹੀ ਨਹੀਂ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਉਨ੍ਹਾਂ ਦਾ ਮਕਸਦ ਸਿਰਫ ਨਰਿੰਦਰ ਮੋਦੀ ਨੂੰ ਹਰਾਉਣਾ ਹੈ। ਉਨ੍ਹਾਂ ਕੋਲ ਕੋਈ ਏਜੰਡਾ ਨਹੀਂ ਤੇ ਨਾ ਹੀ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਚਿਹਰਾ ਹੈ। ਇਸ ਕਰਕੇ ਲੋਕ ਉਨ੍ਹਾਂ ਨੂੰ ਵੋਟ ਕਿਉਂ ਪਾਉਣ। ਦੂਸਰੇ ਪਾਸੇ ਸੁਖਬੀਰ ਬਾਦਲ ਨਰਿੰਦਰ ਮੋਦੀ ਦੀਆਂ ਤਾਰੀਫਾਂ ਦੇ ਪੁਲ ਬੰਨ੍ਹਦੇ ਰਹੇ। ਉਨ੍ਹਾਂ ਕਿਹਾ ਕਿ ਜਦੋਂ ਤੋਂ ਪੰਜਾਬ ਦੀ ਕਮਾਨ ਕੈਪਟਨ ਅਮਰਿੰਦਰ ਸਿੰਘ ਦੇ ਹੱਥ ਆਈ ਹੈ, ਉਦੋਂ ਤੋਂ ਹੀ ਸੂਬੇ ਦਾ ਵਿਕਾਸ ਹੋਣਾ ਬੰਦ ਹੋ ਗਿਆ ਹੈ। ਲੋਕ ਇਸ ਦਾ ਜਵਾਬ ਲੋਕ ਸਭਾ ਚੋਣਾਂ ਵਿੱਚ ਦੇਣਗੇ। ਸੁਖਬੀਰ ਬਾਦਲ ਨੇ ਕਿਹਾ ਕਿ ਉਹ ਪਿੰਡਾਂ ਵਿੱਚ ਲੋਕਾਂ ਨੂੰ ਮਿਲ ਰਹੇ ਹਨ ਤੇ ਅਕਾਲੀ ਦਲ ਦੇ ਵਰਕਰਾਂ ਤੇ ਪਿੰਡਾਂ ਵਿੱਚ ਨਾਜਾਇਜ਼ ਕੇਸ ਦਰਜ ਕੀਤੇ ਜਾ ਰਹੇ ਹਨ। ਬਜ਼ੁਰਗਾਂ ਦਾ ਵੀ ਲਿਹਾਜ਼ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਸਰਕਾਰ ਆਉਣ 'ਤੇ ਜਾਂਚ ਕਮੇਟੀ ਬਣਾ ਕੇ ਝੂਠੇ ਕੇਸ ਦਰਜ ਕਰਨ ਵਾਲੇ ਪੁਲਿਸ ਅਫਸਰਾਂ ਨੂੰ ਨੌਕਰੀ ਤੋਂ ਫਾਰਗ ਕੀਤਾ ਜਾਵੇਗਾ। ਇਸ ਮੌਕੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਇਲਜ਼ਾਮ ਲਾਇਆ ਕਿ ਪੰਜਾਬ ਵਿੱਚ ਮਹਾਂਗੱਠਜੋੜ ਕਾਂਗਰਸ ਵੱਲੋਂ ਅਕਾਲੀ ਦਲ ਦੇ ਵੋਟ ਬੈਂਕ ਨੂੰ ਖੋਰਾ ਲਾਉਣ ਲਈ ਬਣਾਇਆ ਜਾ ਰਿਹਾ ਹੈ। ਕਿਹਾ ਕਿ ਕਾਂਗਰਸ ਤੇ 'ਆਪ' ਦਾ ਅੰਦਰਖਾਤੇ ਗਠਜੋੜ ਹੈ ਕਿਉਂਕਿ ਇਹ ਹਮੇਸ਼ਾ ਅਕਾਲੀ ਦਲ 'ਤੇ ਹੀ ਸ਼ਬਦੀ ਵਾਰ ਕਰਦੇ ਹਨ। ਇਕ ਦੂਸਰੇ ਖਿਲਾਫ ਨਹੀਂ ਬੋਲਦੇ।