Sukha Duneke Murder: ਪੰਜਾਬ ਦੇ ਗੈਂਗਸਟਰ ਸੁੱਖਾ ਦੁੱਨੇਕੇ ਦਾ ਕੈਨੇਡਾ 'ਚ ਕਤਲ ਕਰ ਦਿੱਤਾ ਗਿਆ ਹੈ। ਲਾਰੈਂਸ ਬਿਸ਼ਨੋਈ ਗੈਂਗ ਨੇ ਸੁੱਖਾ ਦੁੱਨੇਕੇ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਇਹ ਦਾਅਵਾ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਕੀਤਾ ਗਿਆ ਹੈ। ਉਂਝ ਇਸ ਪੋਸਟ ਦੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ।


ਇਸ ਪੋਸਟ ਵਿੱਚ ਲਿਖਿਆ ਹੈ ਕਿ ਸੁੱਖਾ ਦੁੱਨੇਕੇ ਕਾ ਕੈਨੇਡਾ ਕੇ ਵਿਨੀਪੈਗ ਮੇਂ ਕਤਲ ਕੀਤਾ ਹੈ। ਸੁੱਖਾ ਦੁੱਨੇਕੇ ਬੰਬੀਹਾ ਗਰੁੱਪ ਕਾ ਇੰਚਾਰਜ ਬਣਾ ਫਿਰਤਾ ਥਾ। ਯਹ ਕਤਲ ਦੀ ਜਿੰਮੇਵਾਰੀ ਲਾਰੈਂਸ ਬਿਸ਼ਨੋਈ ਗਰੁੱਪ ਲੇਤਾ ਹੈ। 


ਪੋਸਟ ਵਿੱਚ ਅੱਗੇ ਲਿਖਿਆ ਹੈ ਕਿ ਇਸ ਨੇ ਕਈ ਘਰ ਬਰਬਾਦ ਕੀਤੇ ਹਨ। ਗੁਰਲਾਲ ਬਰਾੜ ਤੇ ਵਿੱਕੀ ਮਿੱਡੂਖੇੜਾ ਦੇ ਕਤਲ ਵਿੱਚ ਹੱਥ ਸੀ। ਇਸ ਨੇ ਹੀ ਬਾਹਰ ਬੈਠ ਕੇ ਸਭ ਕੁਝ ਕੀਤਾ ਸੀ। ਸੰਦੀਪ ਨੰਗਲ ਅੰਬੀਆ ਦਾ ਕਤਲ ਵੀ ਇਸ ਨੇ ਕਰਵਾਇਆ ਸੀ। ਹੁਣ ਇਸ ਦੇ ਪਾਪਾਂ ਦੀ ਸਜ਼ਾ ਮਿਲ ਗਈ ਹੈ ਤੇ ਜੋ ਇੱਕੀ-ਦੁੱਕੀ ਰਹਿ ਗਏ ਹਨ, ਉਹ ਵੀ ਭੱਜ ਲੈਣ ਤੇ ਕਿਸੇ ਵੀ ਦੇਸ਼ ਵਿੱਚ ਚਲੇ ਜਾਣ,  ਇਹ ਨਾ ਸੋਚਣ ਕਿ ਬਚ ਜਾਣਗੇ। ਟਾਈਮ ਜ਼ਰੂਰ ਲੱਗ ਜਾਵੇਗਾ। ਇੱਕ-ਇੱਕ ਨੂੰ ਆਪਣੇ ਕੀਤੇ ਦੀ ਸਜ਼ਾ ਮਿਲੇਗੀ। ਰੱਬ ਰਾਖਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ, ਜੈ ਮਹਾਕਾਲ, ਜੈ ਸ੍ਰੀ ਰਾਮ॥




ਦੱਸ ਦਈਏ ਕਿ ਸੁੱਖਾ ਦੁੱਨੇਕੇ ਮੋਸਟ ਵਾਂਟੇਡ ਗੈਂਗਸਟਰ ਅਰਸ਼ ਡੱਲਾ ਗੈਂਗ ਦਾ ਮੈਂਬਰ ਸੀ। ਅਰਸ਼ ਡੱਲਾ ਦਾ ਸਬੰਧ ਖਾਲਿਸਤਾਨੀਆਂ ਨਾਲ ਦੱਸਿਆ ਜਾਂਦਾ ਹੈ। ਐਨਆਈਏ ਨੇ ਕੱਲ੍ਹ ਹੀ ਅਰਸ਼ ਡੱਲਾ 'ਤੇ 10 ਲੱਖ ਰੁਪਏ ਦਾ ਇਨਾਮ ਰੱਖਿਆ ਹੈ। 


ਇਹ ਵੀ ਅਹਿਮ ਹੈ ਕਿ ਖਾਲਿਸਤਾਨ ਟਾਈਗਰ ਫੋਰਸ (ਕੇਟੀਐਫ) ਦੇ ਮੁਖੀ ਹਰਦੀਪ ਨਿੱਝਰ ਦੇ ਕਤਲ ਨੂੰ ਲੈ ਕੇ ਭਾਰਤ ਤੇ ਕੈਨੇਡਾ ਵਿਚਾਲੇ ਤਣਾਅ ਦਰਮਿਆਨ ਭਾਰਤੀ ਦੇ ਏ ਸ਼੍ਰੇਣੀ ਗੈਂਗਸਟਰ ਸੁਖਦੂਲ ਸਿੰਘ ਗਿੱਲ ਉਰਫ ਸੁੱਖਾ ਦੁੱਨੇਕੇ ਦਾ ਕੈਨੇਡਾ 'ਚ ਕਤਲ ਕਰ ਦਿੱਤਾ ਗਿਆ ਹੈ। ਉਹ ਸਾਲ 2017 ਵਿੱਚ ਜਾਅਲੀ ਪਾਸਪੋਰਟ ਬਣਵਾ ਕੇ ਪੰਜਾਬ ਤੋਂ ਕੈਨੇਡਾ ਭੱਜ ਗਿਆ ਸੀ।


ਸ਼ੁਰੂਆਤੀ ਜਾਣਕਾਰੀ ਅਨੁਸਾਰ ਸੁੱਖਾ ਦੁੱਨੇਕੇ ਨੂੰ ਕੈਨੇਡਾ ਦੇ ਵਿਨੀਪੈਗ 'ਚ ਗੋਲੀ ਮਾਰੀ ਗਈ ਹੈ। ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਹ ਭਾਰਤ ਸਰਕਾਰ ਵੱਲੋਂ ਜਾਰੀ 41 ਅੱਤਵਾਦੀਆਂ ਤੇ ਗੈਂਗਸਟਰਾਂ ਦੀ ਸੂਚੀ ਵਿੱਚ ਸ਼ਾਮਲ ਸੀ। ਇਹ ਸੂਚੀ ਐਨਆਈਏ ਨੇ ਜਾਰੀ ਕੀਤਾ ਹੈ। ਕੈਨੇਡਾ 'ਚ ਖਾਲਿਸਤਾਨੀ ਨਿੱਝਰ ਦੇ ਕਤਲ ਤੋਂ ਬਾਅਦ ਇਹ ਦੂਜੀ ਵੱਡੀ ਘਟਨਾ ਹੈ।


ਹਾਸਲ ਜਾਣਕਾਰੀ ਮੁਤਾਬਕ ਕਤਲ ਕੀਤਾ ਗਿਆ ਗੈਂਗਸਟਰ ਸੁੱਖਾ ਖਾਲਿਸਤਾਨੀ-ਗੈਂਗਸਟਰ ਅਰਸ਼ਦੀਪ ਸਿੰਘ ਉਰਫ ਅਰਸ਼ ਡੱਲਾ ਦਾ ਸੱਜਾ ਹੱਥ ਮੰਨਿਆ ਜਾਂਦਾ ਸੀ। ਉਹ ਕੈਨੇਡਾ ਵਿੱਚ ਬੈਠ ਕੇ ਭਾਰਤ ਵਿੱਚ ਆਪਣੇ ਸਾਥੀਆਂ ਤੋਂ ਜਬਰੀ ਵਸੂਲੀ ਕਰਦਾ ਸੀ। ਸੁੱਖਾ ਦੁੱਨੇਕੇ ਮੋਗਾ, ਪੰਜਾਬ ਦੇ ਪਿੰਡ ਦੁੱਨੇਕੇ ਕਲਾਂ ਦਾ ਵਸਨੀਕ ਹੈ। 


 


ਦੱਸ ਦਈਏ ਕਿ ਕੈਟਾਗਰੀ 'ਏ' ਦਾ ਗੈਂਗਸਟਰ ਸੁੱਖਾ ਦੁੱਨੇਕੇ ਅਪਰਾਧ ਦੀ ਦੁਨੀਆ 'ਚ ਆਉਣ ਤੋਂ ਪਹਿਲਾਂ ਮੋਗਾ ਦੇ ਡੀਸੀ ਦਫ਼ਤਰ 'ਚ ਕੰਮ ਕਰਦਾ ਸੀ। ਉਹ ਪੁਲਿਸ ਦੀ ਮਦਦ ਨਾਲ ਜਾਅਲੀ ਦਸਤਾਵੇਜ਼ਾਂ 'ਤੇ ਪੁਲਿਸ ਕਲੀਅਰੈਂਸ ਸਰਟੀਫਿਕੇਟ ਹਾਸਲ ਕਰਕੇ 2017 'ਚ ਕੈਨੇਡਾ ਭੱਜ ਗਿਆ ਸੀ। ਉਸ ਸਮੇਂ ਉਸ ਵਿਰੁੱਧ ਸੱਤ ਅਪਰਾਧਿਕ ਮਾਮਲੇ ਚੱਲ ਰਹੇ ਸਨ। ਇਹ ਸਾਰੇ ਮਾਮਲੇ ਸਥਾਨਕ ਗਰੋਹਾਂ ਦੀਆਂ ਗਤੀਵਿਧੀਆਂ ਨਾਲ ਸਬੰਧਤ ਸਨ।


ਸੁੱਖਾ ਦੁੱਨੇਕੇ ਨੇ ਵੀ ਕਾਫੀ ਸਮਾਂ ਫਰੀਦਕੋਟ ਜੇਲ੍ਹ 'ਚ ਗੁਜ਼ਾਰਿਆ ਤੇ ਜ਼ਮਾਨਤ 'ਤੇ ਬਾਹਰ ਆਉਣ ਤੋਂ ਬਾਅਦ ਉਹ ਵਿਦੇਸ਼ ਭੱਜ ਗਿਆ। ਇੰਨਾ ਹੀ ਨਹੀਂ ਨੰਗਲ ਅੰਬੀਆ ਕਤਲੇਆਮ 'ਚ ਵੀ ਦੁੱਨੇਕੇ ਦਾ ਨਾਂ ਆਇਆ ਸੀ ਤੇ ਉਸ 'ਤੇ ਹਥਿਆਰ ਤੇ ਸ਼ੂਟਰ ਮੁਹੱਈਆ ਕਰਵਾਏ ਜਾਣ ਦਾ ਦੋਸ਼ ਸੀ।