ਇਮਰਾਨ ਖਾਨ ਜਲੰਧਰ: ਗੈਂਗਸਟਰ ਸੁੱਖਾ ਕਾਹਲਵਾਂ ਕਤਲ ਕੇਸ ਵਿੱਚ ਸਾਰੇ ਅੱਠ ਮੁਲਜ਼ਮ ਬਰੀ ਹੋ ਗਏ ਹਨ। ਕਪੂਰਥਲਾ ਦੀ ਐਡੀਸ਼ਨਲ ਸੈਸ਼ਨ ਕੋਰਟ ਨੇ ਅੱਜ ਇਸ ਇਸ ਮਾਮਲੇ ਬਾਰੇ ਫੈਸਲਾ ਸੁਣਾਇਆ। ਇਸ ਕੇਸ ਵਿੱਚ ਪੁਲਿਸ ਨੇ 13 ਮੁਲਜ਼ਮ ਬਣਾਏ ਸਨ। ਅੱਠ ਮੁਲਜ਼ਮਾਂ ਨੂੰ ਅੱਜ ਬਰੀ ਕਰ ਦਿੱਤਾ ਗਿਆ। ਗੈਂਗਸਟਰ ਵਿੱਕੀ ਗੌਂਡਰ ਅਤੇ ਪ੍ਰੇਮਾ ਲਾਹੌਰੀਆ ਪੁਲਿਸ ਮੁਕਾਬਲੇ ਵਿੱਚ ਪਹਿਲਾਂ ਹੀ ਮਾਰੇ ਜਾ ਚੁੱਕੇ ਹਨ ਜਦਕਿ 3 ਭਗੌੜੇ ਹਨ। ਯਾਦ ਰਹੇ ਕਿ 21 ਜਨਵਰੀ, 2015 ਨੂੰ ਅਦਾਲਤ ਵਿੱਚ ਪੇਸ਼ੀ ਤੋਂ ਬਾਅਦ ਪੁਲਿਸ ਗੈਂਗਸਟਰ ਸੁੱਖਾ ਕਾਹਲਵਾਂ ਨੂੰ ਨਾਭਾ ਜੇਲ੍ਹ ਵਾਪਸ ਲੈ ਕੇ ਜਾ ਰਹੀ ਸੀ ਕਿ ਕੁਝ ਬਦਮਾਸ਼ਾਂ ਨੇ ਪੁਲਿਸ ਦੇ ਸਾਹਮਣੇ ਹੀ ਫਗਵਾੜਾ ਵਿੱਚ ਪੈਂਦੇ ਨੈਸ਼ਨਲ ਹਾਈਵੇ 'ਤੇ ਸੁੱਖਾਂ ਕਾਹਲਵਾਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਸੀ। ਪੁਲਿਸ ਨੇ ਇਸ ਕਤਲ ਕੇਸ ਵਿੱਚ 5 ਪੁਲਿਸ ਮੁਲਾਜਮਾਂ ਅਤੇ ਇੱਕ ਕੈਦੀ, ਜੋ ਕਿ ਸੁੱਖਾ ਕਾਹਲਵਾਂ ਨਾਲ ਵਾਪਸ ਜਾ ਰਿਹਾ ਸੀ, ਨੂੰ ਗਵਾਹ ਬਣਾਇਆ ਸੀ। ਕੇਸ ਦੀ ਸੁਣਵਾਈ ਦੌਰਾਨ ਗਵਾਹ ਬਣਾਏ ਪੰਜੇ ਪੁਲਿਸ ਮੁਲਾਜ਼ਮ ਮੁਲਜ਼ਮਾਂ ਨੂੰ ਪਛਾਣਨ ਤੋਂ ਮੁਕਰ ਗਏ। ਉਨ੍ਹਾਂ ਕਿਹਾ ਕਿ ਉਹ ਗੱਡੀ ਦੇ ਅੱਗੇ ਸਨ, ਇਸ ਲਈ ਵੇਖ ਕੁਝ ਨਹੀਂ ਸਕੇ ਜਦਕਿ ਸੁੱਖਾ ਕਾਹਲਵਾਂ ਨਾਲ ਗੱਡੀ ਵਿੱਚ ਬੈਠੇ ਕੈਦੀ ਚਸ਼ਮਦੀਦ ਰਾਣਾ ਪ੍ਰਤਾਪ ਨੇ ਕਿਹਾ ਕਿ ਜਦੋਂ ਗੋਲੀਆਂ ਚੱਲੀਆਂ ਸੀ ਤਾਂ ਉਸ ਨੇ ਮੁੰਹ ਥੱਲੇ ਕਰ ਲਿਆ ਸੀ, ਜਿਸ ਕਾਰਨ ਉਹ ਸ਼ਕਲਾਂ ਨਹੀਂ ਪਛਾਣ ਸਕਦਾ, ਉਸ ਨੇ ਸਿਰਫ ਗੋਲੀਆਂ ਦੀਆਂ ਅਵਾਜ਼ਾਂ ਹੀ ਸੁਣੀਆਂ ਸੀ। ਪੁਲਿਸ ਨੇ ਕੇਸ ਵਿੱਚ ਵਿੱਕੀ ਗੌਂਡਰ, ਪ੍ਰੇਮਾ ਲਾਹੌਰੀਆ, ਗੁਰਪ੍ਰੀਤ ਸਿੰਘ ਸੇਖੋਂ, ਕੁਲਪ੍ਰੀਤ ਸਿੰਘ ਨੀਟਾ, ਰਮਣੀਕ ਰੰਮੀ, ਕਰਮਜੀਤ ਸਿੰਘ ਸਾਬਾ, ਤੀਰਥ ਢਿਲਵਾਂ, ਗੁਰਪ੍ਰੀਤ ਉਰਫ ਸੋਨੂ ਬਾਬਾ, ਪਵਿੱਤਰ ਸਿੰਘ, ਰਮਨਦੀਪ ਘੁੱਗੀ, ਜੈਪਾਲ, ਸੰਦੀਪ ਪਹਿਲਵਾਨ ਅਤੇ ਅਸਲਮ ਨੂੰ ਮੁਲਜ਼ਮ ਬਣਾਇਆ ਸੀ। ਇਨ੍ਹਾਂ ਵਿੱਚੋਂ ਗੈਂਗਸਟਰ ਵਿੱਕੀ ਗੌਂਡਰ ਅਤੇ ਪ੍ਰੇਮਾ ਲਾਹੌਰੀਆ ਦਾ ਪੁਲਿਸ ਨੇ 26 ਜਨਵਰੀ 2018 ਨੂੰ ਐਨਕਾਉਂਟਰ ਕਰ ਦਿੱਤਾ ਸੀ ਜਦਕਿ ਜੈਪਾਲ, ਸੰਦੀਪ ਪਹਿਲਵਾਨ, ਅਸਲਮ ਗ੍ਰਿਫ਼ਤਾਰ ਨਹੀਂ ਹੋ ਸਕੇ।