ਸੁੱਖਾ ਕਾਹਲਵਾਂ ਦੇ ਕਤਲਾਂ ਦੀ ਸਕਾਰਪੀਓ ਗਾਇਬ
ਏਬੀਪੀ ਸਾਂਝਾ | 13 Dec 2018 02:16 PM (IST)
ਫਗਵਾੜਾ: ਗੈਂਗਸਟਰ ਸੁੱਖਾ ਕਾਹਲਵਾਂ ਦਾ ਕਤਲ ਕਰਨ ਵਾਲੇ ਗੈਂਗ ਦੀ ਪੁਲਿਸ ਵੱਲੋਂ ਜ਼ਬਤ ਕੀਤੀ ਗਈ ਸਕਾਰਪੀਓ ਗੱਡੀ ਥਾਣੇ ’ਚੋਂ ਗਾਇਬ ਹੋ ਗਈ ਹੈ। ਇਸ ਮਾਮਲੇ ’ਚ ਪੁਲਿਸ ਨੇ ਸਾਬਕਾ ਇੰਸਪੈਕਟਰ ਇੰਦਰਜੀਤ ਸਿੰਘ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਯਾਦ ਰਹੇ 21 ਜਨਵਰੀ, 2015 ਨੂੰ ਫਗਵਾੜਾ-ਗੁਰਾਇਆ ਵਿਚਾਲੇ ਸੁੱਖਾ ਕਾਹਲਵਾਂ ਦਾ ਵਿੱਕੀ ਗੌਂਡਰ ਤੇ ਉਸ ਦੇ ਸਾਥੀਆਂ ਨੇ ਕਤਲ ਕਰ ਦਿੱਤਾ ਸੀ। ਪੁਲਿਸ ਨੇ ਜਦ ਮੁਲਜ਼ਮ ਗ੍ਰਿਫ਼ਤਾਰ ਕੀਤੇ ਸਨ ਤਾਂ ਉਨ੍ਹਾਂ ਕੋਲੋਂ ਸਕਾਰਪੀਓ ਬਿਨਾਂ ਨੰਬਰ ਤੋਂ ਜ਼ਬਤ ਕੀਤੀ ਸੀ। ਸਕਾਰਪੀਓ ਨੂੰ ਉਸ ਵੇਲੇ ਤਾਇਨਾਤ ਇੰਸਪੈਕਟਰ ਇੰਦਰਜੀਤ ਸਿੰਘ ਬਿਨਾਂ ਮਨਜ਼ੂਰੀ ਤੇ ਬਿਨਾਂ ਨੰਬਰ ਤੋਂ ਲੈ ਕੇ ਘੁੰਮਦਾ ਰਿਹਾ। ਇਸ ਤੋਂ ਬਾਅਦ ਜਦ ਵਿਵਾਦਤ ਇੰਸਪੈਕਟਰ ਇੰਦਰਜੀਤ ਨੂੰ ਐਸਟੀਐਫ ਦੀ ਟੀਮ ਨੇ ਵੱਡੀ ਮਾਤਰਾ ’ਚ ਨਸ਼ੇ ਸਮੇਤ ਕਾਬੂ ਕੀਤਾ ਤਾਂ ਇਹ ਗੱਡੀ ਵੀ ਪੁਲਿਸ ਮੁਹਾਲੀ ਲੈ ਗਈ। ਗੱਡੀ ਨੂੰ ਵੀ ਇੰਦਰਜੀਤ ਸਿੰਘ ’ਤੇ ਦਰਜ ਕੀਤੇ ਕੇਸ ’ਚ ਸ਼ਾਮਲ ਕੀਤਾ ਗਿਆ ਸੀ। ਹੁਣ ਇਸ ਮਾਮਲੇ ਦੀ ਸੁਣਵਾਈ ਦੌਰਾਨ ਜਦ ਅਦਾਲਤ ਨੇ ਗੱਡੀ ਨੂੰ 13 ਦਸੰਬਰ ਨੂੰ ਪੇਸ਼ ਕਰਨ ਦੇ ਹੁਕਮ ਦਿੱਤੇ ਤਾਂ ਗੱਡੀ ਨਾ ਮਿਲਣ ਕਾਰਨ ਪੁਲਿਸ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਇਸ ਲਈ ਹੁਣ ਕੇਸ ਦਰਜ ਕਰਨਾ ਪਿਆ ਹੈ। ਐਸਐਸਪੀ ਸਤਿੰਦਰ ਸਿੰਘ ਨੇ ਕਿਹਾ ਕਿ ਪੁਲਿਸ ਹੁਣ ਇੰਦਰਜੀਤ ਨੂੰ ਪ੍ਰੋਟੈਕਸ਼ਨ ਵਾਰੰਟ ’ਤੇ ਲਿਆ ਕੇ ਮਾਮਲੇ ਦੀ ਜਾਂਚ ਕਰੇਗੀ।