ਜਲੰਧਰ: ਸ਼੍ਰੋਮਣੀ ਅਕਾਲੀ ਦਲ ਨੇ ਜਲੰਧਰ ਲੋਕ ਸਭਾ ਹਲਕੇ ਤੋਂ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ। ਅਕਾਲੀ ਦਲ ਨੇ ਸਾਬਕਾ ਸਪੀਕਰ ਚਰਨਜੀਤ ਸਿੰਘ ਅਟਵਾਲ ਨੂੰ ਜਲੰਧਰ ਤੋਂ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ। ਇਸ ਤੋਂ ਪਹਿਲਾਂ ਅਕਾਲੀ ਦਲ ਨੇ ਖਡੂਰ ਸਾਹਿਬ ਤੋਂ ਸਾਬਕਾ ਸ਼੍ਰੋਮਣੀ ਕਮੇਟੀ ਪ੍ਰਧਾਨ ਜਗੀਰ ਕੌਰ ਦਾ ਨਾਂਅ ਵੀ ਐਲਾਨਿਆ ਸੀ।
ਇੱਥੇ ਪਾਰਟੀ ਦੇ ਸਮਾਗਮ ਵਿੱਚ ਪ੍ਰਧਾਨ ਸੁਖਬੀਰ ਬਾਦਲ ਨੇ ਚਰਨਜੀਤ ਅਟਵਾਲ ਦੇ ਨਾਂਅ ਦਾ ਐਲਾਨ ਕਰ ਦਿੱਤਾ। ਇਸ ਰਾਖਵੇਂ ਹਲਕੇ ਲਈ ਅਕਾਲੀ ਦਲ ਦੀ ਟਿਕਟ ਦੇ ਦਾਅਵੇਦਾਰਾਂ ਵਿੱਚੋਂ ਸਾਬਕਾ ਵਿਧਾਨ ਸਭਾ ਅਤੇ ਲੋਕ ਸਭਾ ਦੇ ਸਾਬਕਾ ਡਿਪਟੀ ਸਪੀਕਰ ਰਹਿ ਚੁੱਕੇ ਅਟਵਾਲ ਦਾ ਨਾਂਅ ਅੱਗੇ ਸੀ।
ਸੁਖਬੀਰ ਬਾਦਲ ਬਾਦਲ ਨੇ ਪੰਜਾਬ ਦੀ ਕਾਂਗਰਸ ਸਰਕਾਰ ਦੇ ਦੋ ਸਾਲ ਪੂਰੇ ਹੋਣ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਖ਼ੂਬ ਸ਼ਬਦੀ ਹਮਲੇ ਕੀਤੇ। ਸੁਖਬੀਰ ਨੇ ਕਿਹਾ ਕਿ ਕੈਪਟਨ ਸਭ ਤੋਂ ਨਖਿੱਧ ਮੁੱਖ ਮੰਤਰੀ ਹੈ। ਉਨ੍ਹਾਂ ਕਿਹਾ ਕਿ ਕੈਪਟਨ ਨੇ ਦੋ ਸਾਲਾਂ 'ਚ ਕਿਤੇ ਨਹੀਂ ਗਏ ਅਤੇ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਮੁੱਕਰ ਗਏ।
ਉਨ੍ਹਾਂ ਆਪਣੀ ਸਰਕਾਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਸੀਂ ਬਿਜਲੀ ਸਰਪਲੱਸ ਕੀਤੀ ਅਤੇ ਪੰਜਾਬ ਦੇ ਵਿਕਾਸ ਦੇ ਸਾਰੇ ਕੰਮ ਬਾਦਲ ਸਾਹਿਬ ਦੇ ਰਾਜ 'ਚ ਹੋਏ। ਉਨ੍ਹਾਂ ਲੋਕ ਸਭਾ ਚੋਣਾਂ ਬਾਰੇ ਲੋਕਾਂ ਨੂੰ ਅਪੀਲ ਕੀਤੀ ਕਿ ਹੁਣ ਉਨ੍ਹਾਂ ਹੀ ਫੈਸਲਾ ਕਰਨਾ ਹੈ ਕਿ ਪੀਐਮ ਕਿਸ ਨੂੰ ਬਣਾਉਣਾ ਹੈ। ਬਾਦਲ ਨੇ ਕਿਹਾ ਕਿ ਲੋਕ ਦਲੇਰ ਮੁੱਖ ਮੰਤਰੀ ਚਾਹੁੰਦੇ ਅਤੇ ਮੋਦੀ ਦੀ ਸਰਜੀਕਲ ਸਟ੍ਰਾਈਕ ਨਾਲ ਦੁਸ਼ਮਣ ਡਰ ਗਏ ਹਨ। ਉਨ੍ਹਾਂ ਕਿਹਾ ਕਿ ਮੋਦੀ ਨੂੰ ਪੀਐਮ ਬਣਾਉਣਾ ਜ਼ਰੂਰੀ ਹੈ ਕਿਉਂਕਿ ਉਨ੍ਹਾਂ ਕਰਕੇ ਹੀ ਕਰਤਾਰਪੁਰ ਲਾਂਘਾ ਖੁੱਲ੍ਹੇਗਾ ਤੇ ਦਰਸ਼ਨ ਦੀਦਾਰੇ ਹੋਣਗੇ ਅਤੇ ਚੁਰਾਸੀ ਕਤਲੇਆਮ 'ਚ ਸਰਕਾਰ ਦੀਆਂ ਕੋਸ਼ਿਸ਼ਾਂ ਸਦਕਾ ਹੀ ਅੱਜ ਸੱਜਣ ਕੁਮਾਰ ਅੰਦਰ ਹੈ।