Punjab News: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਕਰ ਰਹੀ ਐਸ.ਆਈ.ਟੀ. ਦੇ ਸਾਹਮਣੇ ਪੇਸ਼ ਹੋਏ ਜਿਸ ਦੌਰਾਨ ਬਾਦਲ ਤੋਂ ਤਕਰੀਬਨ 3 ਘੰਟੇ ਪੁੱਛਗਿੱਛ ਹੋਈ। ਇਸ ਤੋਂ ਬਾਅਦ ਉਹ ਮੀਡੀਆ ਨਾਲ ਗੱਲਬਾਤ ਕੀਤੇ ਬਿਨਾਂ ਹੀ ਵਾਪਸ ਚਲੇ ਗਏ।


ਦੱਸ ਦਈਏ ਕਿ ਸੁਖਬੀਰ ਬਾਦਲ ਨੂੰ  ਏ.ਡੀ.ਜੀ.ਪੀ. ਐਲ.ਕੇ. ਯਾਦਵ ਦੀ ਅਗਵਾਈ ਵਾਲੀ ਵਿਸ਼ੇਸ਼ ਜਾਂਚ ਟੀਮ ਨੇ ਕੋਟਕਪੂਰਾ ਗੋਲੀਕਾਂਡ ਬਾਰੇ ਮੁੜ ਪੁੱਛ ਗਿੱਛ ਕਰਨ ਲਈ ਐਤਵਾਰ ਨੂੰ ਹੀ ਸੰਮਨ ਜਾਰੀ ਕੀਤੇ ਸਨ।


ਇਸ ਮਾਮਲੇ ਵਿੱਚ ਪਹਿਲਾਂ ਸੁਖਬੀਰ ਸਿੰਘ ਬਾਦਲ ਦਾਅਵਾ ਕਰਦੇ ਰਹੇ ਹਨ ਕਿ ਸੰਮਨ ਨਹੀਂ ਮਿਲੇ ਸਨ। ਇਸ ਕਾਰਨ ਉਸ ਨੂੰ ਕੋਰੀਅਰ ਰਾਹੀਂ ਸੰਮਨ ਵੀ ਭੇਜੇ ਗਏ ਸਨ। ਐਸਆਈਟੀ ਨੇ ਬਾਦਲ ਨੂੰ ਪੁੱਛਗਿੱਛ ਲਈ ਅੱਜ ਸਵੇਰੇ 11 ਵਜੇ ਦਾ ਸਮਾਂ ਦਿੱਤਾ ਸੀ, ਪਰ ਉਹ ਥੋੜ੍ਹੀ ਦੇਰ ਨਾਲ ਪਹੁੰਚੇ।


ਦੱਸ ਦਈਏ ਕਿ ਕੋਟਕਪੂਰਾ ਤੇ ਬਹਿਬਲਕਲਾਂ ਗੋਲੀਕਾਂਡ ਦੇ ਸਮੇਂ ਸੁਖਬੀਰ ਸਿੰਘ ਬਾਦਲ ਪੰਜਾਬ ਦੇ ਉਪ ਮੁੱਖ ਮੰਤਰੀ ਹੋਣ ਸਮੇਤ ਗ੍ਰਹਿ ਮੰਤਰਾਲੇ ਦੀ ਜ਼ਿੰਮੇਵਾਰੀ ਸੰਭਾਲ ਰਹੇ ਸਨ। ਸਿੱਟੇ ਵਜੋਂ ਕੋਟਕਪੂਰਾ ਗੋਲੀ ਕਾਂਡ ਅਤੇ ਬਹਿਬਲ ਕਲਾਂ ਗੋਲੀਕਾਂਡ ਦੇ ਕੇਸਾਂ ਵਿੱਚ ਐਸਆਈਟੀ ਦੀ ਜਾਂਚ ਫਿਲਹਾਲ ਕਿਸੇ ਨਤੀਜੇ ’ਤੇ ਨਹੀਂ ਪਹੁੰਚ ਸਕੀ ਹੈ। ਬਹਿਬਲ ਕਲਾਂ ਗੋਲੀ ਕਾਂਡ ਵਿੱਚ ਐਸਆਈਟੀ ਇਹ ਜਾਣਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਗੋਲੀ ਚਲਾਉਣ ਦੇ ਹੁਕਮ ਕਿਸ ਨੇ ਦਿੱਤੇ ਸਨ।


ਜ਼ਿਕਰ ਕਰ ਦਈਏ ਕਿ 12 ਅਕਤੂਬਰ 2015 ਨੂੰ ਫਰੀਦਕੋਟ ਦੇ ਬਰਗਾੜੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਅੰਗ ਖਿਲਾਰੇ ਗਏ ਸੀ ,ਜਿਸ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਘਟਨਾ ਦੇ ਵਿਰੋਧ ਵਿੱਚ ਪ੍ਰਦਰਸ਼ਨ ਹੋਏ। ਇਸ ਦੌਰਾਨ 14 ਅਕਤੂਬਰ ਨੂੰ ਕੋਟਕਪੂਰਾ ਅਤੇ ਬਹਿਬਲ ਕਲਾਂ ਵਿੱਚ ਪੁਲੀਸ ਨੇ ਪ੍ਰਦਰਸ਼ਨਕਾਰੀਆਂ ’ਤੇ ਗੋਲੀਆਂ ਚਲਾਈਆਂ। ਇਸ ਵਿੱਚ ਦੋ ਵਿਅਕਤੀ ਕ੍ਰਿਸ਼ਨ ਭਗਵਾਨ ਸਿੰਘ ਅਤੇ ਗੁਰਜੀਤ ਸਿੰਘ ਮਾਰੇ ਗਏ ਸਨ। ਇਸ ਸਬੰਧੀ ਪੰਜਾਬ ਪੁਲੀਸ ਦੀਆਂ ਦੋ ਐਸਆਈਟੀ, ਦੋ ਕਮਿਸ਼ਨ ਅਤੇ ਸੀਬੀਆਈ ਨੇ ਜਾਂਚ ਕੀਤੀ। ਇਸ ਗੋਲੀਕਾਂਡ ਦੌਰਾਨ ਸੁਖਬੀਰ ਬਾਦਲ ਉੱਪ ਮੁੱਖ ਮੰਤਰੀ ਤੇ ਸੂਬੇ ਦੇ ਗ੍ਰਹਿ ਮੰਤਰੀ ਸਨ।


ਨੋਟ- ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।