ਬਠਿੰਡਾ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅੱਜ ਨਗਰ ਨਿਗਮ ਚੋਣਾਂ ਲਈ ਅਕਾਲੀ ਦਲ ਦੇ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਬਠਿੰਡਾ ਪਹੁੰਚੇ। ਉਨ੍ਹਾਂ ਅੱਧਾ ਦਰਜਨ ਤੋਂ ਵੱਧ ਉਮੀਦਵਾਰਾਂ ਦੇ ਹੱਕ ਵਿੱਚ ਵੱਖ-ਵੱਖ ਇਲਾਕਿਆਂ ਵਿੱਚ ਨੁੱਕੜ ਮੀਟਿੰਗਾਂ ਨੂੰ ਸੰਬੋਧਨ ਕੀਤਾ। ਇਸ ਮੌਕੇ  ਸ਼ਹਿਰੀਆਂ ਦੇ ਮੱਠੇ ਹੁੰਗਾਰੇ ਤੋਂ ਪਾਰਟੀ ਪ੍ਰਧਾਨ ਫਿਕਰਮੰਦ ਦਿਖਾਈ ਦਿੱਤੇ। ਦੱਸ ਦਈਏ ਕਿ ਪੰਜਾਬ ਵਿੱਚ ਨਗਰ ਨਿਗਮ ਤੇ ਨਗਰ ਕੌਂਸਲ ਚੋਣਾਂ ਉਸ ਵੇਲੇ ਹੋ ਰਹੀਆਂ ਹਨ ਜਦੋਂ ਪੂਰਾ ਪੰਜਾਬ ਕਿਸਾਨ ਅੰਦੋਲਨ ਵਿੱਚ ਰੰਗਿਆ ਹੋਇਆ ਹੈ। ਇਸ ਕਰਕੇ ਇਹ ਚੋਣਾਂ ਕਾਫੀ ਅਹਿਮੀਅਤ ਰੱਖਦੀਆਂ ਹਨ। ਪਿੰਡਾਂ ਅੰਦਰ ਲੋਕ ਸਿਆਸੀ ਪਾਰਟੀਆਂ ਦੇ ਬਾਈਕਾਟ ਦਾ ਐਲਾਨ ਕਰ ਰਹੀਆਂ ਹਨ। ਇਸ ਦਾ ਅਸਰ ਸ਼ਹਿਰਾਂ ਵਿੱਚ ਵੇਖਣ ਨੂੰ ਮਿਲਦਾ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਦੋਸ਼ ਲਾਏ ਕਿ ਕਾਂਗਰਸ ਸਰਕਾਰ ਚੋਣ ਮੈਦਾਨ ਵਿੱਚੋਂ ਭੱਜ ਚੁੱਕੀ ਹੈ। ਉਹ ਸੱਤਾ ਦੇ ਦਮ 'ਤੇ ਨਗਰ ਨਿਗਮ ਤੇ ਨਗਰ ਕੌਂਸਲ ਚੋਣਾਂ ਜਿੱਤਣਾ ਚਾਹੁੰਦੀ ਹੈ। ਵਿਰੋਧੀਆਂ ਦੇ ਕਾਗਜ਼ ਧੱਕੇ ਨਾਲ ਰੱਦ ਕੀਤੇ ਜਾ ਰਹੇ ਹਨ ਜਿਸ ਦੀ ਮਿਸਾਲ ਜ਼ੀਰਾ ਤੇ ਗਿੱਦੜਬਹਾ ਹਲਕੇ ਤੋਂ ਮਿਲਦੀ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਪਹਿਲੇ ਮੁੱਖ ਮੰਤਰੀ ਹਨ ਜਿਨ੍ਹਾਂ ਨੂੰ ਲੋਕ ਨਫ਼ਰਤ ਕਰਦੇ ਹਨ ਤੇ ਇਨ੍ਹਾਂ ਚੋਣਾਂ ਵਿੱਚ ਮੁੱਖ ਮੰਤਰੀ ਦੀ ਕਾਰਗੁਜ਼ਾਰੀ ਤੇ ਖ਼ਜ਼ਾਨਾ ਮੰਤਰੀ ਦੀ ਕਾਰਗੁਜ਼ਾਰੀ ਨੂੰ ਦੇਖ ਕੇ ਉਮੀਦਵਾਰਾਂ ਦੇ ਹੱਕ ਵਿਚ ਵੋਟ ਪਾਉਣਗੇ। ਇਸ ਮੌਕੇ ਬੀਤੇ ਦਿਨ ਫਰੀਦਕੋਟ ਵਿੱਚ ਨੌਜਵਾਨ ਵੱਲੋਂ ਆਪਣੇ ਦੋ ਬੱਚਿਆਂ, ਪਤਨੀ ਤੇ ਖੁਦ ਨੂੰ ਗੋਲੀ ਮਾਰਨ ਦੇ ਮਾਮਲੇ ਵਿੱਚ ਨਾਮਜ਼ਦ ਗਿੱਦੜਬਾਹਾ ਦੇ ਵਿਧਾਇਕ ਰਾਜਾ ਵੜਿੰਗ ਦੇ ਰਿਸ਼ਤੇਦਾਰ ਦੇ ਮਾਮਲੇ 'ਤੇ ਬੋਲਦਿਆਂ ਸੁਖਬੀਰ ਨੇ ਕਿਹਾ ਕਿ ਸੁਸਾਇਟੀ ਨੂੰ ਆਧਾਰ ਬਣਾ ਕੇ ਵਿਧਾਇਕ ਰਾਜਾ ਵੜਿੰਗ ਤੇ ਵੀ ਪਰਚਾ ਹੋਵੇ ਕਿਉਂਕਿ ਉਹ ਇੱਕ ਕਰੋੜ ਰੁਪਏ ਦੀ ਰਿਸ਼ਵਤ ਮੰਗ ਰਹੇ ਸਨ। ਹੈਰਾਨਗੀ ਦੀ ਗੱਲ ਹੈ ਕਿ ਪੁਲਿਸ ਅਜਿਹੇ ਮਾਮਲੇ ਵਿੱਚ ਵਿਧਾਇਕ ਰਾਜਾ ਵੜਿੰਗ ਨੂੰ ਬਚਾ ਰਹੀ ਹੈ। ਰਾਜਾ ਵੜਿੰਗ ਵੱਲੋਂ ਉਨ੍ਹਾਂ ਖ਼ਿਲਾਫ਼ ਸਖਤ ਸ਼ਬਦਾਵਲੀ ਬੋਲਣ ਦੇ ਮਾਮਲੇ 'ਤੇ ਸੁਖਬੀਰ ਬਾਦਲ ਨੇ ਕਿਹਾ ਕਿ ਰਾਜਾ ਵੜਿੰਗ ਮੈਂਟਲ ਹੈ। ਮੈਂ ਉਸ ਦੀ ਕਿਸੇ ਵੀ ਗੱਲ ਦਾ ਜਵਾਬ ਨਹੀਂ ਦੇਣਾ ਚਾਹੁੰਦਾ। ਇਸ ਮੌਕੇ ਉਨ੍ਹਾਂ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਸ਼ਹਿਰ ਬਠਿੰਡਾ ਦੀ ਨੁਹਾਰ ਬਦਲਣ ਵਿੱਚ ਕਰੋੜਾਂ ਰੁਪਏ ਖ਼ਰਚ ਕੀਤੇ ਤੇ ਉਸੇ ਵਿਕਾਸ ਦੇ ਨਾਂ ਤੇ ਲੋਕ ਅਕਾਲੀ ਉਮੀਦਵਾਰਾਂ ਦੇ ਹੱਕ ਵਿੱਚ ਵੋਟ ਪਾਉਣ। ਉਨ੍ਹਾਂ ਇਹ ਵੀ ਦੋਸ਼ ਲਾਏ ਕਿ ਕਾਂਗਰਸ ਸਰਕਾਰ ਨੇ ਸਾਢੇ ਚਾਰ ਸਾਲ ਵਿੱਚ ਪੰਜਾਬ ਦੇ ਭਲੇ ਲਈ ਕੋਈ ਕੰਮ ਨਹੀਂ ਕੀਤਾ ਬਲਕਿ ਗੁੰਮਰਾਹਕੁਨ ਪ੍ਰਚਾਰ ਕਰਕੇ ਸਿਆਸਤ ਨੂੰ ਪਹਿਲ ਦਿੱਤੀ।