ਅਸ਼ਰਫ ਢੁੱਡੀ

ਚੰਡੀਗੜ੍ਹ: ਕੱਲ੍ਹ ਚੰਡੀਗੜ੍ਹ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖੂਬ ਇਸ਼ਤਿਹਾਰ ਦਿੱਤੇ ਤੇ ਮੀਡੀਆ ਸਾਹਮਣੇ ਪੂਰੀ ਕੈਬਨਿਟ ਨੂੰ ਬਿਠਾ ਕੇ ਆਪਣੀਆਂ ਉਪਲੱਬਧੀਆਂ ਗਿਣਵਾਈਆਂ। ਇਸ ਤੋਂ ਬਾਅਦ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਪੂਰੇ ਅਟੈਕਿੰਗ ਮੂਡ ਵਿੱਚ ਮੀਡੀਆ ਸਾਹਮਣੇ ਆਏ। ਉਹ ਕੈਪਟਨ ਸਰਕਾਰ ਨੂੰ ਜ਼ੀਰੋ ਨੰਬਰ ਦੇ ਕੇ ਚਲੇ ਗਏ।

ਹਾਲਾਂਕਿ ਬੀਤੇ ਦਿਨ ਕੈਪਟਨ ਸਰਕਾਰ ਦੇ ਤਿੰਨ ਸਾਲਾਂ ਦੇ ਰਿਪੋਰਟ ਕਾਰਡ 'ਤੇ ਅਕਾਲੀ ਦਲ ਚੁੱਪ ਰਿਹਾ ਪਰ ਅੱਜ ਅਕਾਲੀ ਦਲ ਨੇ ਚੁੱਪੀ ਤੋੜੀ ਹੈ। ਸੁਖਬੀਰ ਬਾਦਲ ਨੇ ਆਖਿਆ ਕਿ ਕੈਪਟਨ ਸਰਕਾਰ ਨੇ ਇੱਕ ਵੀ ਨਵਾਂ ਪ੍ਰੋਜੈਕਟ ਨਹੀਂ ਸ਼ੁਰੂ ਕੀਤਾ ਨਾ ਹੀ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ। ਗੰਨਾ ਕਿਸਾਨਾਂ ਦਾ ਪੈਸਾ ਕਿਸਾਨਾਂ ਨੂੰ ਨਹੀਂ ਮਿਲਿਆ।

ਸੁਖਬੀਰ ਨੇ ਕਿਹਾ ਕਿ ਬੇਰੁਜ਼ਗਾਰ ਨੌਜਵਾਨਾਂ ਨੂੰ 2500 ਰੁਪਏ ਰੁਜ਼ਗਾਰ ਭੱਤਾ ਦੇਣ ਦਾ ਵਾਅਦਾ ਕੈਪਟਨ ਨੇ ਕੀਤਾ ਸੀ ਜੋ ਨਹੀਂ ਮਿਲਿਆ। ਸੁਖਬੀਰ ਨੇ ਕੈਪਟਨ 'ਤੇ ਤੰਨਜ਼ ਕੱਸਦੇ ਹੋਏ ਆਖਿਆ ਕਿ ਕਰੋਨਾਵਾਇਰਸ ਦਾ ਬਹਾਨਾ ਲਾ ਕੇ ਕੈਪਟਨ ਸਰਕਾਰ ਨੇ ਰਹਿੰਦੇ ਦੋ ਸਾਲ ਵੀ ਕੋਈ ਕੰਮ ਨਹੀਂ ਕਰਨਾ। ਸੁਖਬੀਰ ਬਾਦਲ ਨੇ ਹਰ ਵਰਗ ਦੀ ਗੱਲ ਕਰਦੇ ਹੋਏ ਅੱਜ ਆਖਿਆ ਕਿ ਕੈਪਟਨ ਨੇ ਟੀਚਰਾਂ ਨੂੰ ਸਭ ਤੋਂ ਵੱਧ ਕੁੱਟਿਆ ਹੈ। ਦਲਿਤ ਭਾਈਚਾਰੇ ਨਾਲ ਸਭ ਤੋਂ ਵੱਡਾ ਧੱਕਾ ਕੈਪਟਨ ਸਰਕਾਰ ਨੇ ਕੀਤਾ।

ਸੁਖਬੀਰ ਬਾਦਲ ਨੇ ਬਿਜਲੀ ਦੇ ਵਧੇ ਹੋਏ ਰੇਟਾਂ ਨੂੰ ਲੈ ਕੇ ਕਿਹਾ ਕਿ ਕੈਪਟਨ ਸਰਕਾਰ ਨੇ 17 ਵਾਰ ਪੰਜਾਬ ਵਿੱਚ ਬਿਜਲੀ ਦੀਆਂ ਕੀਮਤਾਂ ਵਧਾਈਆਂ। ਅਕਾਲੀ ਸਰਕਾਰ ਦੇ ਮੌਕੇ 5 ਰੁਪਏ 50 ਪੈਸੇ ਬਿਜਲੀ ਪ੍ਰਤੀ ਯੂਨਿਟ ਹੁੰਦੀ ਸੀ ਪਰ ਅੱਜ ਕਾਂਗਰਸ 9 ਰੁਪਏ 50 ਪੈਸੇ ਪ੍ਰਤੀ ਯੂਨਿਟ ਵਸੂਲ ਕਰਕੇ ਪੰਜਾਬ ਦੇ ਲੋਕਾਂ ਦੀ ਲੁੱਟ ਕਰ ਰਹੀ ਹੈ।

ਸੁਖਬੀਰ ਬਾਦਲ ਨੇ ਕਾਂਗਰਸ ਦੇ ਲੀਡਰ ਵੀ ਨਹੀਂ ਛੱਡੇ। ਸੁਖਬੀਰ ਨੇ ਆਖਿਆ ਕਿ ਕਾਂਗਰਸ ਦੇ ਲੀਡਰ ਮਾਈਨਿੰਗ ਮਾਫ਼ੀਆ ਚਲਾ ਰਹੇ ਹਨ। ਕੈਪਟਨ ਦੀ ਗ਼ੈਰ ਹਾਜ਼ਰੀ ਨੂੰ ਲੈ ਕੇ ਸੁਖਬੀਰ ਨੇ ਮਜ਼ਾਕੀਆ ਢੰਗ ਵਿੱਚ ਆਖਿਆ ਕਿ ਕੈਪਟਨ ਨੂੰ 3 ਸਾਲ ਪਹਿਲਾਂ ਹੀ ਪਤਾ ਲੱਗ ਗਿਆ ਸੀ ਕਿ ਕਰੋਨਾਵਾਇਰਸ ਆਏਗਾ ਤਾਂ ਹੀ ਉਹ ਘਰੋਂ ਨਹੀਂ ਨਿਕਲਦੇ। ਕੈਪਟਨ ਨੂੰ ਪੁੱਛੋ ਕਿ ਉਹ ਕਿੰਨੇ ਘੰਟੇ ਆਪਣੇ ਦਫਤਰ ਵਿੱਚ ਗਏ, ਕਿੰਨਾ ਸਮਾਂ ਪੰਜਾਬ ਵਿੱਚ ਗਏ, ਇੱਥੋਂ ਤੱਕ ਕਿ ਕੈਪਟਨ ਇਸ ਗੱਲ ਦਾ ਜਵਾਬ ਦੇਣ ਕਿ ਉਹ ਦਰਬਾਰ ਸਾਹਿਬ, ਦੁਰਗਿਆਣਾ ਮੰਦਰ ਜਾਂ ਕਿਸੇ ਵੀ ਧਾਰਮਿਕ ਥਾਂ 'ਤੇ ਕਿੰਨੀ ਵਾਰ ਗਏ।

ਸੁਖਬੀਰ ਨੇ ਪ੍ਰਕਾਸ਼ ਸਿੰਘ ਬਾਦਲ ਦੀ ਉਦਾਹਰਨ ਦਿੰਦੇ ਹੋਏ ਆਖਿਆ ਕਿ ਸਾਬਕਾ ਮੁੱਖ ਮੰਤਰੀ ਤੇ ਮੌਜੂਦਾ ਮੁੱਖ ਮੰਤਰੀ ਦਾ ਮੁਕਾਬਲਾ ਕਰਕੇ ਦੇਖ ਲਿਆ ਜਾਵੇ। ਪ੍ਰਕਾਸ਼ ਸਿੰਘ ਬਾਦਲ ਸਭ ਤੋਂ ਵੱਧ ਪੰਜਾਬ ਦੇ ਲੋਕਾਂ ਵਿੱਚ ਵਿਚਰਦੇ ਸੀ। ਇੱਥੋਂ ਤੱਕ ਕਿ ਕੈਪਟਨ ਦਾ ਹੈਲੀਕਾਪਟਰ ਚਲਾਉਣ ਲਈ ਜੋ ਪਾਇਲਟ ਰੱਖਿਆ, ਉਹ ਵੀ ਹੈਲੀਕਾਪਟਰ ਚਲਾਉਣਾ ਭੁੱਲ ਗਿਆ ਕਿਉਂਕਿ ਕੈਪਟਨ ਸਾਹਬ ਘਰੋਂ ਬਾਹਰ ਹੀ ਨਹੀਂ ਨਿਕਲਦੇ।