ਜਲੰਧਰ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਬਾਦਲ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੁੰ ਘੇਰਿਆ ਹੈ।ਸੁਖਬੀਰ ਬਾਦਲ ਨੇ 300 ਯੂਨਿਟ ਮੁਫਤ ਬਿਜਲੀ ਦੀ ਸਕੀਮ ਵਿਚੋਂ 90 ਫੀਸਦੀ ਪੰਜਾਬੀਆਂ ਨੂੰ ਬਾਹਰ ਕਰਨ ਦੀ ਨਿਖੇਧੀ ਕੀਤੀ।
ਆਪ ਸਰਕਾਰ ਵੱਲੋਂ ਸ਼ੁਰੂ ਕੀਤੀ 300 ਯੁਨਿਟ ਮੁਫਤ ਬਿਜਲੀ ਦੀ ਗੱਲ ਕਰਦਿਆਂ ਬਾਦਲ ਨੇ ਕਿਹਾ ਕਿ ਇਹ ਸਕੀਮ ਬਹੁਤ ਸਾਰੀਆਂ ਸ਼ਰਤਾਂ ਨਾਲ ਸ਼ੁਰੂ ਕੀਤੀ ਗਈ ਹੈ ਤਾਂ ਜੋ ਇਸਦਾ ਲਾਭ ਕਿਸੇ ਨੂੰ ਨਾ ਮਿਲੇ। ਉਹਨਾਂ ਕਿਹਾ ਕਿ ਇਹ ਸ਼ਰਤਾਂ ਇਸ ਤਰੀਕੇ ਤੈਅ ਕੀਤੀਆਂ ਗਈਆਂ ਹਨ ਕਿ ਸਿਰਫ ਕਮਜ਼ੋਰ ਵਰਗਾਂ ਦੇ ਇਕ ਹਿੱਸੇ ਨੁੰ ਸਕੀਮ ਦਾ ਲਾਭ ਮਿਲੇ।
ਉਹਨਾਂ ਕਿਹਾ ਕਿ ਇਹ ਗਿਣਤੀ ਤਾਂ ਉਹਨਾਂ ਪਰਿਵਾਰਾਂ ਤੋਂ ਵੀ ਘੱਟ ਜਾਵੇਗੀ ਜਿਹਨਾਂ ਨੂੰ ਪਿਛਲੀ ਅਕਾਲੀ ਦਲ ਸਰਕਾਰ ਨੇ ਬਿਨਾਂ ਕਿਸੇ ਸ਼ਰਤ ਦੇ 200 ਯੁਨਿਟ ਬਿਜਲੀ ਮੁਫਤ ਦਿੱਤੀ ਸੀ। ਉਹਨਾਂ ਮੰਗ ਕੀਤੀ ਕਿ ਆਪ ਸਰਕਾਰ ਕੀਤੇ ਵਾਅਦੇ ਅਨੁਸਾਰ ਸਕੀਮ ਲਾਗੂ ਕਰੇ ਅਤੇ ਸਾਰੇ ਘਰੇਲੂ ਖਪਤਕਾਰਾਂ ਨੂੰ 300 ਯੂਨਿਟ ਬਿਜਲੀ ਮੁਫਤ ਦੇਵੇ ਅਤੇ ਅਜਿਹਾ ਨਾ ਕਰਨਾ ਉਹਨਾਂ ਪੰਜਾਬੀਆਂ ਨਾਲ ਵੱਡਾ ਧੋਖਾ ਹੋਵੇਗਾ ਜਿਹਨਾਂ ਨੇ ਇਸਦੇ ਬੋਲਾਂ ’ਤੇ ਵਿਸ਼ਵਾਸ ਕੀਤਾ ਸੀ।
ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਦੀ ਬੇਗੋਵਾਲ ਰਿਹਾਇਸ਼ ’ਤੇ ਪ੍ਰੋਗਰਾਮ ਵਿਚ ਭਾਗ ਲੈਣ ਤੋਂ ਬਾਅਦ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਸੂਬੇ ਵਿਚ 75 ਕਲੀਨਿਕ ਖੋਲ੍ਹ ਕੇ ਮੁਹੱਲਾ ਕਲੀਨਿਕ ਦੀ ਵਿਵਸਥਾ ਦਾ ਮਖੌਲ ਬਣਾ ਦਿੱਤਾ ਹੈ ਕਿਉਂਕਿ ਸੂਬੇ ਵਿਚ 13000 ਹਜ਼ਾਰ ਪਿੰਡ ਹਨ ਤੇ ਨਾਲ ਹੀ ਆਪ ਸਰਕਾ ਰਨੇ ਲੋਕਾਂ ਨੁੰ ਵਿਲੱਖਣ ਸੁਵਿਧਾ ਕੇਂਦਰਾਂ ਦੀ ਸਹੂਲਤ ਤੋਂ ਵਾਂਝਾ ਕਰ ਦਿੱਤਾ ਹੈ ਜਦੋਂ ਕਿ ਸੂਬੇ ਦੇ ਲੋਕਾਂ ਨੂੰ 78 ਜ਼ਰੂਰੀ ਸੇਵਾਵਾਂ ਦੇਣ ਵਾਸਤੇ 2 ਹਜ਼ਾਰ ਕੇਂਦਰਾਂ ਦੀ ਸਥਾਪਨਾ ਕੀਤੀ ਗਈ ਸੀ।
ਮੁੱਖ ਮੰਤਰੀ ਪਿਛਲੀ ਅਕਾਲੀ ਦਲ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਸਕੀਮਾਂ ਆਪਣੇ ਖਾਤੇ ਨਾ ਪਾਉਣ ਦੀ ਸਲਾਹ ਦਿੰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਆਪ ਸਰਕਾਰ ਨੇ 10 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਲੈ ਲਿਆ ਹੈ ਤੇ ਇਸ ਕੋਲ ਵਿਖਾਉਣ ਲਈ ਕੁਝ ਨਹੀਂ ਹੈ। ਉਹਨਾਂ ਕਿਹਾ ਕਿ ਇਹ ਪੈਸਾ 3 ਹਜ਼ਾਰ ਸਬ ਸੈਂਟਰਾਂ ਤੇ ਡਿਸਪੈਂਸਰੀਆਂ ਨੂੰ ਮਜ਼ਬੂਤ ਕਰਨ ਤੇ ਲੋਕਾਂ ਨੂੰ ਦਵਾਈਆਂ ਉਪਲਬਧ ਕਰਵਾਉਣ ’ਤੇ ਖਰਚਿਆ ਜਾ ਸਕਦਾ ਸੀ। ਇਸੇ ਤਰੀਕੇ ਸਰਕਾਰ ਨੂੰ ਜ਼ਿਲ੍ਹਾ ਪੱਧਰੀ ਸਿਵਲ ਹਸਪਤਾਲਾਂ ਵਿਚ ਬੁਨਿਆਦੀ ਢਾਂਚਾ ਮਜ਼ਬੂਤ ਕਰਨ ਅਤੇ ਨਾਲ ਹੀ ਸੁਪਰ ਸਪੈਸ਼ਲਟੀ ਸਹੂਲਤਾਂ ਸ਼ੁਰੂ ਕਰਨ ਦੀ ਜ਼ਰੂਰਤ ਹੈ।
ਬਾਦਲ ਨੇ ਮੁੱਖ ਮੰਤਰੀ ਨੂੰ ਆਖਿਆ ਕਿ ਉਹ ਇਹ ਵੀ ਵੇਖਣ ਕਿ ਕਿਵੇਂ ਮੁਹੱਲਾ ਕਲੀਨਿਕ ਸਕੀਮ ਦਿੱਲੀ ਵਿਚ ਕੋਰੋਨਾ ਮਹਾਮਾਰੀ ਵੇਲੇ ਬੁਰੀ ਤਰ੍ਹਾਂ ਫੇਲ੍ਹ ਹੋ ਗਈ ਸੀ। ਉਹਨਾਂ ਨੇ ਮੁੱਖ ਮੰਤਰੀ ਵੱਲੋਂ ਸੁਵਿਧਾ ਕੇਂਦਰਾਂ ਦੇ ਨਾਂ ਬਦਲ ਕੇ ਸਸਤੀ ਸ਼ੋਹਰਤ ਹਾਸਲ ਕਰਨ ਦੀ ਵੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਇਹ ਮੁੱਖ ਮੰਤਰੀ ਨੂੰ ਸੋਭਾ ਨਹੀਂ ਦਿੰਦਾ ਕਿ ਉਹ ਇੰਨਾ ਹੇਠਾਂ ਡਿੱਠ ਕੇ ਬਿਨਾਂ ਕਿਸੇ ਪ੍ਰੋਗਰਾਮ ਦੇ ਸਸਤੀ ਸ਼ੋਹਰਤ ਹਾਸਲ ਕਰਕੇ ਆਪਣੀ ਫੇਲ੍ਹ ਸਰਕਾਰ ਦੀ ਕਿਸਮਤ ਬਦਲ ਦਾ ਯਤਨ ਕਰਨ। ਉਹਨਾਂ ਕਿਹਾ ਕਿ ਚੰਗਾ ਹੁੰਦਾ ਜੇਕਰ ਮੁੱਖ ਮੰਤਰੀ ਆਪ ਹਾਈ ਕਮਾਂਡ ਦੇ ਹੁਕਮਾਂ ਮੁਤਾਬਕ ਚੱਲਣ ਦੀ ਥਾਂ ਪੰਜਾਬੀਆਂ ਦੀ ਲੋੜ ਮੁਤਾਬਕ ਵਿਕਾਸ ਕਾਰਜ ਕਰਵਾਉਂਦੇ ਕਿਉਂਕਿ ਉਹਨਾਂ ’ਤੇ ਤਾਂ ਪਹਿਲਾਂ ਹੀ ਰਬੜ ਦੀ ਮੋਹਰ ਬਣ ਜਾਣ ਦਾ ਠੱਪਾ ਲੱਗਾ ਹੋਇਆ ਹੈ।