ਰੌਬਟ ਦੀ ਰਿਪੋਰਟ
ਚੰਡੀਗੜ੍ਹ: ਪੰਜਾਬੀ ਗਾਇਕ ਕੰਵਰ ਗਰੇਵਾਲ ਦੇ ਹਾਲ ਹੀ ਵਿੱਚ ਰਿਲੀਜ਼ ਹੋਏ ਗਾਣੇ 'ਰਿਹਾਈ' ਅਤੇ ਮਰਹੂਮ ਸਿੱਧੂ ਮੂਸੇਵਾਲਾ ਦੇ ਗੀਤ SYL ਨੂੰ ਭਾਰਤ 'ਚ ਬੈਨ ਕਰਨ ਮਗਰੋਂ ਅਕਾਲੀ ਦਲ ਨੇ ਇਸ ਦੀ ਨਿਖੇਧੀ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ (Akali Dal) ਦੇ ਯੂਥ ਵਿੰਗ ਯੂਥ ਅਕਾਲੀ ਦਲ ਨੇ ਐਲਾਨ ਕੀਤਾ ਹੈ ਕਿ ਉਹ 15 ਜੁਲਾਈ ਨੂੰ ਕੇਂਦਰ ਵੱਲੋਂ ਦੋ ਪੰਜਾਬੀ ਗੀਤਾਂ ’ਤੇ ਪਾਬੰਦੀ ਲਾਉਣ ਦੇ ਵਿਰੋਧ ਵਿੱਚ ਟਰੈਕਟਰ ਮਾਰਚ (Tractor March on 15 July) ਕੱਢੇਗਾ।
ਇਸ ਮਾਮਲੇ 'ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਟਵੀਟ ਕਰ ਕਿਹਾ, "ਪੰਜਾਬ ਦੇ ਲੋਕ ਮਸਲਿਆਂ ਦੀ ਤਰਜਮਾਨੀ ਕਰਦੇ #SYL ਅਤੇ #Rihai ਵਰਗੇ ਗੀਤਾਂ 'ਤੇ ਪਾਬੰਦੀ, ਸਾਡੇ ਵਿਚਾਰਾਂ ਦੇ ਪ੍ਰਗਟਾਵੇ ਦੇ ਲੋਕਤੰਤਰੀ ਹੱਕ ਦਾ ਘਾਣ ਹੈ। ਆਓ 15 ਜੁਲਾਈ ਨੂੰ ਪੰਜਾਬ ਦੇ ਜ਼ਿਲ੍ਹਾ ਹੈੱਡਕੁਆਰਟਰਾਂ 'ਤੇ ਯੂਥ ਅਕਾਲੀ ਦਲ ਕੱਢੇ ਜਾ ਰਹੇ ਰੋਸ ਟ੍ਰੈਕਟਰ ਮਾਰਚ ਰਾਹੀਂ ਇਸ ਨਾਇਨਸਾਫ਼ੀ ਵਿਰੁੱਧ ਅਵਾਜ਼ ਬੁਲੰਦ ਕਰੀਏ।"
ਪੰਜਾਬੀ ਗਾਇਕ ਕੰਵਰ ਗਰੇਵਾਲ ਦੇ ਹਾਲ ਹੀ ਵਿੱਚ ਰਿਲੀਜ਼ ਹੋਏ ਗਾਣੇ 'ਰਿਹਾਈ' ਨੂੰ ਭਾਰਤ ਵਿੱਚ ਯੂਟਿਊਬ ਵੱਲੋਂ ਸਰਕਾਰ ਦੀ ਸ਼ਿਕਾਇਤ ਤੋਂ ਬਾਅਦ ਹਟਾ ਦਿੱਤਾ ਗਿਆ ਸੀ।ਕੰਵਰ ਗਰੇਵਾਲ ਦਾ ਇਹ ਗਾਣਾ ਸਿੱਖ ਕੈਦੀਆਂ ਦੀ ਰਿਹਾਈ ਦੀ ਮੰਗ ਕਰਦਾ ਹੈ।'ਰਿਹਾਈ' ਗਾਣੇ ਦੇ ਬੋਲਾਂ ਵਿੱਚ ਗਰੇਵਾਲ ਕਹਿੰਦੇ ਹਨ, ''ਅਸੀਂ ਕਿਹੜਾ ਥੋਂਥੋ ਬਾਦਸ਼ਾਈ ਮੰਗ ਰਹੇ ਆ, ਅਸੀਂ ਬੰਦੀ ਸਿੰਘਾਂ ਦੀ ਰਿਹਾਈ ਮੰਗ ਰਹੇ ਆ।''
'ਰਿਹਾਈ' ਗਾਣਾ 2 ਜੁਲਾਈ ਨੂੰ ਕੰਵਰ ਗਰੇਵਾਲ ਦੇ ਅਧਿਕਾਰਿਤ ਯੂਟਿਊਬ ਚੈਨਲ ਉੱਪਰ ਰਿਲੀਜ਼ ਕੀਤਾ ਗਿਆ ਸੀ ਜਿਸ ਨੂੰ ਗੀਤਕਾਰ ਵਰੀ ਰਾਏ ਨੇ ਲਿਖਿਆ ਹੈ।ਗਾਣੇ ਦੀ ਵੀਡੀਓ ਵਿੱਚ ਸਿੱਖ ਕੈਦੀਆਂ ਦੇ ਪੋਸਟਰ ਅਤੇ ਰਿਹਾਈ ਲਈ ਹੋ ਰਹੇ ਪ੍ਰਦਰਸ਼ਨਾਂ ਨੂੰ ਵੀ ਦਿਖਾਇਆ ਗਿਆ ਹੈ। ਇਸ ਤੋਂ ਇਲਾਵਾ ਪੰਜਾਬ ਨਾਲ ''ਵਿਤਕਰਾ'', 1947 ਦੀ ਵੰਡ ਦੀ ਪੀੜ ਅਤੇ 1984 ਦੇ ਸਿੱਖ ਵਿਰੋਧੀ ਕਤਲੇਆਮ ਦੇ ਪੀੜਤਾਂ ਲਈ ਇਨਸਾਫ਼ ਮੰਗਦੇ ਲੋਕ ਦਿਖਾਈ ਦੇ ਰਹੇ ਹਨ।
ਸਿੱਧੂ ਦਾ ਗੀਤ SYL ਵੀ ਬੈਨ
ਇਸ ਤੋਂ ਪਿਹਲਾਂ ਸਿੱਧੂ ਮੂਸੇਵਾਲਾ ਦਾ ਗੀਤ ਐੱਸ ਵਾਈ ਐੱਲ (SYL) ਯੂ-ਟਊਬ ਤੋਂ ਹਟਾ ਦਿੱਤਾ ਗਿਆ।ਇਹ ਕਾਰਵਾਈ youtube ਨੂੰ ਭਾਰਤ ਸਰਕਾਰ ਵੱਲੋਂ ਦਿੱਤੀ ਗਈ ਸ਼ਿਕਾਇਤ ਦੇ ਆਧਾਰ ਉੱਤੇ ਹੋਈ ਹੈ। ਇਸ ਗੀਤ ਵਿਚ ਬੱਬਰ ਖ਼ਾਲਸਾ ਦੇ ਖਾੜਕੂ ਰਹੇ ਬਲਵਿੰਦਰ ਸਿੰਘ ਜਟਾਣਾ ਦਾ ਜ਼ਿਕਰ ਸੀ, ਜਿਸ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ।
ਜ਼ਿਕਰਯੋਗ ਹੈ ਕਿ ਬਲਵਿੰਦਰ ਸਿੰਘ ਜਟਾਣਾ 1991 ਚ ਇੱਕ ਪੁਲਿਸ ਮੁਕਾਬਲੇ ਵਿਚ ਮਾਰਿਆ ਗਿਆ ਸੀ ਲੇਕਿਨ ਉਸ ਦੀ ਮੌਤ ਤੋਂ ਪਹਿਲਾਂ ਨਿਹੰਗ ਅਜੀਤ ਸਿੰਘ ਪੂਹਲੇ ਵੱਲੋਂ ਉਸ ਦੇ ਪਰਿਵਾਰ ਉੱਤੇ ਤਸ਼ੱਦਦ ਢਾਹੀ ਗਈ ਸੀ ਅਤੇ ਕਈ ਜੀਆਂ ਨੂੰ ਜਿਊਂਦਾ ਸਾੜ ਦਿੱਤਾ ਗਿਆ ਸੀ। ਪੂਹਲੇ ਵੱਲੋਂ ਇਹ ਹਰਕਤ ਤੱਤਕਾਲੀ ਚੰਡੀਗੜ ਦੇ SSP ਸੁਮੇਧ ਸਿੰਘ ਸੈਣੀ ਉੱਤੇ ਚੰਡੀਗੜ੍ਹ ਵਿੱਚ ਕੀਤੇ ਗਏ ਬੰਬ ਧਮਾਕੇ ਦੇ ਬਦਲੇ ਵਜੋਂ ਕੀਤੀ ਗਈ ਸੀ। ਕੇਐਲਐਫ ਵੱਲੋਂ ਕੀਤਾ ਗਿਆ ਇਹ ਬੰਬ ਧਮਾਕਾ ਸੈਣੀ ਅਤੇ ਕਪੂਹਲੇ ਨੂੰ ਬੱਬਰ ਖਾਲਸਾ ਦੀ ਵਾਰਦਾਤ ਲੱਗੀ ਸੀ।