ਫਿਰੋਜ਼ਪੁਰ: ਜਲਾਲਾਬਾਦ ਹਲਕੇ ਵਿੱਚ ਹੋਣ ਵਾਲੀਆਂ ਜ਼ਿਮਨੀ ਚੋਣਾਂ ਸਬੰਧੀ ਅਕਾਲੀ ਦਲ ਜ਼ੋਰਾਂ-ਸ਼ੋਰਾਂ ਨਾਲ ਪ੍ਰਚਾਰ ਕਰ ਰਹੀ ਹੈ। ਇਸ ਦੇ ਚੱਲਦਿਆਂ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਹਰ ਰੋਜ਼ ਘਰ-ਘਰ ਜਾ ਕੇ ਜਲਾਲਾਬਾਦ ਸ਼ਹਿਰ ਵਿੱਚ ਚੋਣ ਪ੍ਰਚਾਰ ਕਰ ਰਹੇ ਹਨ। ਇਸ ਦੌਰਾਨ ਸੁਖਬੀਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਕਾਲੀ ਦਲ ਉਮੀਦਵਾਰ ਨੂੰ ਵੋਟਾਂ ਪਾ ਕੇ ਜਿਤਾਉਣ, ਤੇ ਕਾਂਗਰਸੀ ਉਮੀਦਵਾਰ ਰਮਿੰਦਰ ਆਂਵਲਾ ਦਾ ਅਚਾਰ ਪਾ ਕੇ ਖਾ ਜਾਓ।


ਉਨ੍ਹਾਂ ਦਾਅਵਾ ਕੀਤਾ ਕਿ ਜਦੋਂ ਉਹ 10 ਸਾਲ ਪਹਿਲਾਂ ਵਿਧਾਇਕ ਬਣੇ ਸੀ ਤਾਂ ਉਨ੍ਹਾਂ ਢਾਈ ਹਜ਼ਾਰ ਕਰੋੜ ਰੁਪਏ ਲਾ ਕੇ ਜਲਾਲਾਬਾਦ ਦਾ ਵਿਕਾਸ ਕਰਾਇਆ ਹੈ। ਹੁਣ ਉਹ ਇਸ ਹਲਕੇ ਤੋਂ ਡਾਕਟਰ ਰਾਜ ਸਿੰਘ ਨੂੰ 2 ਸਾਲਾਂ ਲਈ ਵਿਧਾਇਕ ਬਣਾਉਣਗੇ ਤੇ ਉਸ ਤੋਂ ਬਾਅਦ ਉਹ ਖ਼ੁਦ ਉੱਥੋਂ ਚੋਣਾਂ ਲੜਨਗੇ ਤੇ ਆਪਣੀ ਸਰਕਾਰ ਬਣਦਿਆਂ ਹੀ ਅਧੂਰੇ ਪਏ ਕੰਮ ਪੂਰੇ ਕਰਾਉਣਗੇ।


ਲੋਕਾਂ ਨੂੰ ਸੰਬੋਧਿਤ ਕਰਦਿਆਂ ਆਂਵਲਾ ਨੇ ਕਿਹਾ ਕਿ ਜੇ ਜਨਤਾ ਜਾਗਰੂਕ ਹੈ ਤਾਂ ਕੋਈ ਵੀ ਲੀਡਰ ਜਨਤਾ ਨੂੰ ਝੂਠੇ ਵਾਅਦੇ ਲਾ ਕੇ ਨਹੀਂ ਜਾ ਸਕਦਾ। ਉਨ੍ਹਾਂ ਕਾਂਗਰਸ 'ਤੇ ਇਲਜ਼ਾਮ ਲਾਇਆ ਕਿ ਕਾਂਗਰਸ ਸਰਕਾਰ ਨੇ ਲੋਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਨੀਲੇ ਕਾਰਡ, ਬੁਢਾਪਾ ਪੈਨਸ਼ਨ ਤੇ ਸ਼ਗਨ ਸਕੀਮ ਵਰਗੀਆਂ ਸੁਵਿਧਾਵਾਂ ਦੇਣੀਆਂ ਬੰਦ ਕਰ ਦਿੱਤੀਆਂ ਹਨ।