Sukhbir Badal: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਅਹੁਦੇ ਤੋਂ ਹਟਾਉਣ ਲਈ ਪਾਰਟੀ ਅੰਦਰ ਬਗਾਵਤ ਹੋ ਗਈ ਹੈ। ਸੁਖਬੀਰ ਬਾਦਲ ਜਦੋਂ ਚੰਡੀਗੜ੍ਹ ਵਿੱਚ ਮੀਟਿੰਗ ਕਰ ਰਹੇ ਸੀ ਤਾਂ ਸੀਨੀਅਰ ਅਕਾਲੀ ਲੀਡਰਾਂ ਨੇ ਉਨ੍ਹਾਂ ਖਿਲਾਫ ਜਲੰਧਰ ਵਿੱਚ ਮੀਟਿੰਗ ਕਰਕੇ ਮਤਾ ਪਾਸ ਕਰ ਦਿੱਤਾ। ਬਾਗੀ ਧੜੇ ਨੇ ਸੁਖਬੀਰ ਬਾਦਲ ਨੂੰ ਅਹੁਦਾ ਛੱਡਣ ਦੀ ਨਸੀਹਤ ਦਿੱਤੀ ਹੈ।
ਦੂਜੇ ਪਾਸੇ ਸੁਖਬੀਰ ਬਾਦਲ ਪੱਖੀ ਲੀਡਰਾਂ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਪ੍ਰਧਾਨਗੀ ਦਾ ਕੋਈ ਲਾਲਚ ਨਹੀਂ। ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸੁਖਬੀਰ ਬਾਦਲ ਨੇ ਸਪਸ਼ਟ ਕਿਹਾ ਹੈ ਕਿ ਜੇ ਤੁਸੀ ਚਾਹੁੰਦੇ ਹੋ ਤਾਂ ਮੈਂ ਪਾਰਟੀ ਦਾ ਪ੍ਰਧਾਨ ਰਹਾਂਗਾ, ਜੇ ਨਹੀਂ ਚਾਹੁੰਦੇ ਤਾਂ ਮੈਂ ਇੱਕ ਮਿੰਟ ਵੀ ਪ੍ਰਧਾਨ ਨਹੀਂ ਰਹਾਂਗਾ।
ਇਸ ਦੌਰਾਨ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਸਾਰੇ ਪ੍ਰਧਾਨ ਦੇ ਨਾਲ ਹਨ। ਅਕਾਲੀ ਦਲ 104 ਸਾਲ ਦੀ ਪਾਰਟੀ ਹੈ। ਇਹ ਪਾਰਟੀ ਚਾਰ ਬੰਦਿਆ ਨੇ ਬੈਠ ਕੇ ਨਹੀਂ ਬਣਾਈ। ਇਸ ਪਾਰਟੀ ਦਾ ਸਿਧਾਂਤ ਹੈ। ਸਿੱਖ ਧਰਮ ਨੂੰ ਖੋਰਾ ਨਾ ਲੱਗੇ, ਇਸ ਲਈ ਆਓ ਪਾਰਟੀ ਵਿੱਚ ਬੈਠ ਕੇ ਗੱਲ ਕਰੀਏ। ਉਨ੍ਹਾਂ ਨੇ ਕਿਹਾ ਕਿ ਅੱਜ ਜਿਹੜੇ ਮਤੇ ਪੈ ਰਹੇ ਹਨ, ਮੈਂ ਉਨ੍ਹਾਂ ਉਪਰ ਕੁਝ ਨਹੀਂ ਕਹਿਣਾ ਚਾਹੁੰਦਾ ਪਰ ਅਕਾਲੀ ਦਲ ਪਾਰਟੀ ਆਪਣੇ ਸਟੈਂਡ ਉਪਰ ਬਰਕਾਰ ਹੈ। ਉਨ੍ਹਾਂ ਨੇ ਕਿਹਾ ਕਿ ਜੋ ਪਾਰਟੀ ਵਿੱਚੋਂ ਬਾਹਰ ਜਾ ਕੇ ਬੋਲਦਾ ਹੈ, ਉਹ ਪਾਰਟੀ ਵਿੱਚ ਰਹਿ ਕਿਵੇਂ ਗਿਆ। ਉਨ੍ਹਾਂ ਨੇ ਕਿਹਾ ਕਿ ਇੱਕਲਾ ਰਾਜ ਭਾਗ ਨਾ ਦੇਖੀਏ, ਪਾਰਟੀ ਦੇ ਬਜੁਰਗਾਂ ਦੇ ਅਸੂਲਾਂ ਉਪਰ ਖੜ੍ਹੀਏ।
ਇਸ ਦੌਰਾਨ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਜੇ ਕਿਸੇ ਨੇ ਜਿੱਤੇ ਹਾਰੇ ਦਾ ਟੈਸਟ ਰੱਖਿਆ ਹੈ ਤਾਂ ਫਿਰ ਅਸਤੀਫਾ ਉਹ ਦੇਣ ਜੋ ਹਾਰੇ ਹਨ। ਜੋ ਤਿੰਨ-ਤਿੰਨ ਵਾਰ ਹਾਰੇ ਹਨ, ਉਹ ਅਸਤੀਫਾ ਨਹੀਂ ਦੇ ਰਹੇ ਤੇ ਜੋ ਇੱਕ ਵਾਰੀ ਹਾਰਿਆ ਹੈ, ਉਹ ਅਸਤੀਫਾ ਦੇਵੇ ਇਹ ਕਿਵੇਂ ਸਭੰਵ ਹੈ। ਉਨ੍ਹਾਂ ਨੇ ਕਿਹਾ ਕਿ ਬਾਹਰ ਬੈਠ ਕੇ ਜਿੰਨੀਆ ਮਰਜੀ ਚੀਕਾਂ ਮਾਰ ਲੈਣ, ਉਸ ਦਾ ਨੋਟਿਸ ਲੈਣ ਦੀ ਸਾਨੂੰ ਕੋਈ ਲੋੜ ਨਹੀਂ।
ਇਹ ਵੀ ਪੜ੍ਹੋ-Akali Dal Conflict: ਸੁਖਬੀਰ ਬਾਦਲ ਨੂੰ ਪ੍ਰਧਾਨਗੀ ਤੋਂ ਹਟਾਉਣ ਦਾ ਐਲਾਨ! ਸੀਨੀਅਰ ਲੀਡਰ ਇੱਕ ਜੁਲਾਈ ਨੂੰ ਕਰਨਗੇ ਫੈਸਲਾ