ਫ਼ਾਜ਼ਿਲਕਾ: ਬੇਸ਼ੱਕ ਸੁਖਬੀਰ ਬਾਦਲ ਲੋਕ ਸਭਾ ਚੋਣਾਂ ਲੜ ਰਹੇ ਹਨ ਪਰ ਉਨ੍ਹਾਂ ਦਾ ਟੀਚਾ ਪੰਜਾਬ ਦਾ ਮੁੱਖ ਮੰਤਰੀ ਬਣਨ ਦਾ ਹੈ। ਇਹ ਖੁਲਾਸਾ ਸੁਖਬੀਰ ਬਾਦਲ ਨੇ ਖ਼ੁਦ ਹੀ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਮੁੱਖ ਮੰਤਰੀ ਬਣਨ ਮਗਰੋਂ ਲੋਕਾਂ ਨੂੰ ਵਿਕਾਸ ਬਾਰੇ ਆਪਣਾ ਨਜ਼ਰੀਆ ਵੀ ਸਪੱਸ਼ਟ ਕਰ ਦਿੱਤਾ।

ਫ਼ਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਸੁਖਬੀਰ ਬਾਦਲ ਚੋਣ ਪ੍ਰਚਾਰ ਕਰਨ ਲਈ ਆਪਣੇ ਵਿਧਾਨ ਸਭਾ ਹਲਕੇ ਜਲਾਲਾਬਾਦ ਪੁੱਜੇ। ਜਲਾਲਾਬਾਦ ਹਲਕੇ 'ਚ ਸੁਖਬੀਰ ਨੇ ਵਿਕਾਸ ਦੇ ਵਾਅਦੇ ਕੀਤੇ। ਉਨ੍ਹਾਂ ਨੇ ਖ਼ੁਦ ਨੂੰ ਪੰਜਾਬ ਦਾ ਆਉਣ ਵਾਲਾ ਮੁੱਖ ਮੰਤਰੀ ਦੱਸਦਿਆਂ ਸੂਬੇ ਦੀ ਨੁਹਾਰ ਬਦਲਣ ਦਾ ਦਾਅਵਾ ਕੀਤਾ।

ਜਲਾਲਾਬਾਦ ਵਿਧਾਨ ਸਭਾ ਹਲਕੇ ਦੀ ਮੰਡੀ ਲਾਧੂਕਾ ਵਿੱਚ ਚੋਣ ਜਲਸੇ ਨੂੰ ਸੰਬੋਧਨ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਫ਼ਿਰੋਜ਼ਪੁਰ ਲੋਕ ਸਭਾ ਹਲਕੇ ਵਿੱਚ ਬਹੁਤ ਕੰਮ ਹੋਣ ਵਾਲਾ ਹੈ। ਉਨ੍ਹਾਂ ਕਿਹਾ ਕਿ ਇਸ ਹਲਕੇ ਵਿੱਚ ਸਭ ਤੋਂ ਜ਼ਿਆਦਾ ਪਾਣੀ ਦੀ ਸਮੱਸਿਆ ਹੈ। ਉਨ੍ਹਾਂ ਦੀ ਸਰਕਾਰ ਆਉਣ 'ਤੇ ਉਹ ਭਾਖੜਾ ਵਿੱਚੋਂ ਨਹਿਰਾਂ ਲਿਆ ਕੇ ਇਸ ਇਲਾਕੇ ਵਿੱਚ ਪਾਣੀ ਪੂਰਾ ਕਰਨਗੇ। ਉਨ੍ਹਾਂ ਕਿਹਾ ਇਸ ਹਲਕੇ ਦੇ ਲੋਕਾਂ ਕੋਲ ਪਹਿਲਾ ਡਿਪਟੀ ਮੁੱਖ ਮੰਤਰੀ ਸੀ ਤੇ ਆਉਣ ਵਾਲੇ ਦੋ ਸਾਲਾਂ ਵਿੱਚ ਇਸ ਹਲਕੇ ਦੇ ਲੋਕਾਂ ਨੂੰ ਪੰਜਾਬ ਦਾ ਨੁਮਾਇੰਦਾ ਮੁੱਖ ਮੰਤਰੀ ਹੋਵੇਗਾ ਤੇ ਇਸ ਹਲਕੇ ਦੀ ਨੁਹਾਰ ਬਦਲ ਦਿੱਤੀ ਜਾਵੇਗੀ।