Sukhbir Badal: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਇਲਜ਼ਾਮ ਲਾਇਆ ਹੈ ਕਿ ਬਿਜਲੀ ਕੱਟਾਂ ਤੇ ਨਹਿਰੀ ਪਾਣੀ ਦੀ ਘਾਟ ਕਾਰਨ ਕਿਸਾਨਾਂ ਦੀਆਂ ਫਸਲਾਂ ਬਰਬਾਦ ਹੋ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਹੁਣ ਪਾਣੀ ਦੀ ਲੋੜ ਪਰ ਪੰਜਾਬ ਸਰਕਾਰ ਵੱਲੋਂ ਨਹਿਰ ਰਾਹੀਂ ਰਾਜਸਥਾਨ ਨੂੰ ਵੱਧ ਪਾਣੀ ਛੱਡਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬਿਜਲੀ ਦੇ ਲੰਬੇ-ਲੰਬੇ ਕੱਟ ਲਾਏ ਜਾ ਰਹੇ ਹਨ। ਉਨ੍ਹਾਂ ਸਵਾਲ ਕੀਤਾ ਕਿ ਮੁੱਖ ਮੰਤਰੀ ਭਗਵੰਤ ਮਾਨ ਕਹਿ ਰਹੇ ਹਨ ਕਿ ਖਜ਼ਾਨਾ ਭਰਿਆ ਪਿਆ ਹੈ ਤਾਂ ਫਿਰ ਕਿਸਾਨਾਂ ਲਈ ਬਿਜਲੀ ਕਿਉਂ ਨਹੀਂ ਖਰੀਦ ਰਹੇ?
ਸੁਖਬੀਰ ਬਾਦਲ ਨੇ ਆਪਣੇ ਫੇਸਬੁੱਕ ਪੇਜ ਉੱਪਰ ਲਿਖਿਆ ਹੈ ਕਿ ਵੱਡੇ-ਵੱਡੇ ਬਿਜਲੀ ਦੇ ਕੱਟਾਂ, ਨਹਿਰੀ ਪਾਣੀ ਦੀ ਘੱਟ ਸਪਲਾਈ ਤੇ ਕੇਵਲ ਦੋ ਘੰਟੇ ਬਿਜਲੀ ਦੀ ਸਪਲਾਈ ਕਾਰਨ ਝੋਨੇ ਦੀ ਖੜ੍ਹੀ ਫ਼ਸਲ ਲਗਭਗ ਖ਼ਤਮ ਹੋ ਚੁੱਕੀ ਹੈ। ਅੱਜ ਜਦੋਂ ਮੈਂ ਸ੍ਰੀ ਮੁਕਤਸਰ ਸਾਹਿਬ ਤੇ ਬਠਿੰਡਾ ਦੇ ਪਿੰਡਾਂ ਦੇ ਕਿਸਾਨਾਂ ਦੀਆਂ ਮੁਸ਼ਕਲਾਂ ਸੁਣੀਆਂ ਤਾਂ ਮੈਨੂੰ ਬਹੁਤ ਦੁੱਖ ਲੱਗਿਆ। ਪਹਿਲਾਂ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਰਾਜਸਥਾਨ ਨਹਿਰ ਰਾਹੀਂ ਹੜ੍ਹਾਂ ਦਾ ਵਾਧੂ ਪਾਣੀ ਛੱਡਣ ਤੋਂ ਇਨਕਾਰ ਕਰਕੇ ਪੰਜਾਬੀਆਂ ਨੂੰ ਹੜ੍ਹਾਂ ‘ਚ ਡੋਬ ਦਿੱਤਾ ਤੇ ਹੁਣ ਜਦੋਂ ਕਿਸਾਨਾਂ ਨੂੰ ਪਾਣੀ ਦੀ ਸਖ਼ਤ ਲੋੜ ਹੈ ਤਾਂ ਹੁਣ ਨਹਿਰ ਰਾਹੀਂ ਰਾਜਸਥਾਨ ਨੂੰ ਵੱਧ ਪਾਣੀ ਛੱਡਿਆ ਜਾ ਰਿਹਾ ਹੈ।
ਭਗਵੰਤ ਮਾਨ ਤਾਂ ਕਹਿੰਦਾ ਹੈ ਕਿ ਸਾਡਾ ਖਜ਼ਾਨਾ ਭਰਿਆ ਪਿਆ ਹੈ ਫਿਰ ਇਹ ਕਿਸਾਨਾਂ ਲਈ ਬਿਜਲੀ ਕਿਉਂ ਨਹੀਂ ਖਰੀਦ ਰਿਹਾ? ਕਿਉਂ ਨਹਿਰੀ ਪਾਣੀ ਦੀ ਸਪਲਾਈ ਨਹੀਂ ਕੀਤੀ ਜਾ ਰਹੀ? ਕਿਉਂ ਝੋਨੇ ਦੀ ਫਸਲ ਨੂੰ ਮਾਰਿਆ ਜਾ ਰਿਹਾ ਹੈ? ਮੁੱਖ ਮੰਤਰੀ ਤੁਰੰਤ ਇਨ੍ਹਾਂ ਸਵਾਲਾਂ ਦੇ ਜਵਾਬ ਦੇਣ ਤੇ ਸਾਡੇ ਕਿਸਾਨਾਂ ਨੂੰ ਮਾਰਨਾ ਬੰਦ ਕਰਨ।
ਸੁਖਬੀਰ ਬਾਦਲ ਨੇ ਦੋਸ਼ ਲਾਇਆ ਹੈ ਕਿ ਬਿਜਲੀ ਕੱਟ ਤੇ ਨਹਿਰੀ ਬੰਦੀ ਕਾਰਨ ਝੋਨੇ ਦੀ ਫ਼ਸਲ ਸੁੱਕ ਰਹੀ ਹੈ। ਉਨ੍ਹਾਂ ਆਖਿਆ ਕਿ ਮੁੱਖ ਮੰਤਰੀ ਵੱਲੋਂ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਸਨ ਕਿ ਖੇਤੀ ਸੈਕਟਰ ’ਚ ਸਰਕਾਰ ਬਿਜਲੀ ਦੀ ਕੋਈ ਕਮੀ ਨਹੀਂ ਰਹਿਣ ਦੇਵੇਗੀ ਪਰ ਇਸ ਦੇ ਉਲਟ ਹਾਲਾਤ ਸੋਕੇ ਵਾਲੇ ਹਨ। ਵੀਡੀਓ ਸੰਬੋਧਨ ਦੌਰਾਨ ਬਾਦਲ ਨੇ ਦੱਸਿਆ ਉਹ ਪਿੰਡ ਚੱਕ ਅਤਰ ਸਿੰਘ ਵਾਲਾ ਦੇ ਖੇਤ ’ਚ ਖੜ੍ਹੇ ਹਨ। ਖੇਤੀ ਸੈਕਟਰ ਨੂੰ ਬਿਜਲੀ ਸਿਰਫ ਘੰਟਾ-ਡੇਢ ਘੰਟਾ ਮਿਲ ਰਹੀ ਹੈ।
ਉਨ੍ਹਾਂ ਇਲਜ਼ਾਮ ਲਾਇਆ ਕਿ ਗੁਆਂਢੀ ਸੂਬੇ ਰਾਜਸਥਾਨ ਨੂੰ ਪੰਜਾਬ ਤੋਂ ਨਹਿਰੀ ਪਾਣੀ ਪੂਰੀ ਮਾਤਰਾ ’ਚ ਜਾ ਰਿਹਾ ਹੈ ਪਰ ਪੰਜਾਬ ਦੀਆਂ ਆਪਣੀਆਂ ਨਹਿਰਾਂ ਤੇ ਕੱਸੀਆਂ ਸੁੱਕੀਆਂ ਹਨ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਕਿ ਖੇਤੀ ਸੈਕਟਰ ਦੀ ਬਿਜਲੀ ਪੂਰਤੀ ਲਈ ਜੇ ਸਰਕਾਰ ਨੂੰ ਬਿਜਲੀ ਖ਼ਰੀਦਣ ਦੀ ਜ਼ਰੂਰਤ ਹੈ ਤਾਂ ਖ਼ਰੀਦਣੀ ਚਾਹੀਦੀ ਹੈ।
ਉਨ੍ਹਾਂ ਆਪਣੀ ਪਾਰਟੀ ਦੀ ਵਡਿਆਈ ਕਰਦਿਆਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਵਕਤ ਪੰਜਾਬ ਨੂੰ ਸਰ ਪਲੱਸ ਬਿਜਲੀ ਸੂਬਾ ਬਣਾ ਦਿੱਤਾ ਸੀ ਪਰ ਆਮ ਆਦਮੀ ਪਾਰਟੀ ਸਰਕਾਰ ਨੇ ਆਪਣੇ ਡੇਢ ਸਾਲ ਦੇ ਕਾਰਜਕਾਲ ਦੌਰਾਨ ਇਕ ਵੀ ਯੂਨਿਟ ਬਿਜਲੀ ਪੈਦਾ ਕਰਨ ਦਾ ਕੋਈ ਨਵਾਂ ਪ੍ਰਾਜੈਕਟ ਸਥਾਪਤ ਨਹੀਂ ਕੀਤਾ। ਚੱਕ ਅਤਰ ਸਿੰਘ ਵਾਲਾ ਬਠਿੰਡਾ ਜ਼ਿਲ੍ਹੇ ਦਾ ਪਿੰਡ ਹੈ, ਜੋ ਬਠਿੰਡਾ-ਬਾਦਲ ਮਾਰਗ ’ਤੇ ਪਿੰਡ ਬਾਦਲ ਦੇ ਬਿਲਕੁਲ ਨਜ਼ਦੀਕ ਹੈ।