Sukhbir Badal: ਬਦਲੇ ਹਾਲਤ ਵੇਖਦਿਆਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਆਪਣੀ ਰਣਨੀਤੀ ਬਦਲ ਲਈ ਹੈ। ਹੁਣ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਪੰਥਕ ਦਲਾਂ ਨੂੰ ਇੱਕਜੁੱਟ ਕਰਨ ਦੀ ਕਵਾਇਦ ਵਿੱਢ ਦਿੱਤੀ ਹੈ। ਇਸ ਤਹਿਤ ਹੀ ਸੁਖਬੀਰ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੇ ਮੁਖੀ ਪਰਮਜੀਤ ਸਿੰਘ ਸਰਨਾ ਨਾਲ ਹੱਥ ਮਿਲਾਇਆ ਹੈ। ਅਹਿਮ ਗੱਲ ਹੈ ਕਿ ਸਿੱਖ ਰਾਜਨੀਤੀ ਵਿੱਚ ਲਗਪਗ 20 ਸਾਲ ਸਰਨਾ ਨੇ ਬਾਦਲ ਪਰਿਵਾਰ ਨੂੰ ਚੁਣੌਤੀ ਦਿੱਤੀ ਹੈ। ਹੁਣ ਸੁਖਬੀਰ ਬਾਦਲ ਨੇ ਸਰਨਾ ਨੂੰ ਆਪਣੇ ਨਾਲ ਰਲਾਉਂਦਿਆਂ ਦਿੱਲੀ ਇਕਾਈ ਦਾ ਪ੍ਰਧਾਨ ਬਣਾ ਦਿੱਤਾ ਹੈ।



ਦੱਸ ਦਈਏ ਕਿ ਪਰਮਜੀਤ ਸਿੰਘ ਸਰਨਾ ਦੇ ਪੰਜਾਬੀ ਬਾਗ ਸਥਿਤ ਘਰ ਵਿੱਚ ਐਤਵਾਰ ਨੂੰ ਹੋਈ ਪੰਥਕ ਇੱਕਤਰਤਾ ’ਚ ਸੁਖਬੀਰ ਬਾਦਲ ਵੱਲੋਂ ਦੋਵੇਂ ਧੜਿਆਂ ਵਿਚਾਲੇ ਇੱਕਜੁਟਤਾ ਪ੍ਰਗਟ ਕੀਤੀ ਗਈ ਤੇ ਸਰਨਾ ਨੂੰ ਸਿਰੋਪਾ ਦੇ ਕੇ ਦਿੱਲੀ ਇਕਾਈ ਦਾ ਪ੍ਰਧਾਨ ਐਲਾਨ ਦਿੱਤਾ। ਇਹ ਅਹੁਦਾ ਅਵਤਾਰ ਸਿੰਘ ਹਿੱਤ ਦੇ ਦੇਹਾਂਤ ਮਗਰੋਂ ਖਾਲੀ ਪਿਆ ਸੀ।

ਦਰਅਸਲ ਸਾਲ ਪਹਿਲਾਂ ਹੋਈਆਂ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਟਿਕਟ ’ਤੇ ਚੋਣ ਜਿੱਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਮੈਂਬਰਾਂ ਨੇ ਕੁਝ ਸਮੇਂ ਬਾਅਦ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਸਟੇਟ ਬਣਾ ਲਿਆ ਸੀ। ਇਸ ਨਾਲ ਅਕਾਲ ਦਲ ਨੂੰ ਵੱਡੀ ਸੱਟ ਲੱਗੀ ਸੀ ਤੇ ਇਸ ਧੜੇ ਕੋਲ ਸਿਰਫ਼ 2-3 ਮੈਂਬਰ ਹੀ ਰਹਿ ਗਏ ਸਨ, ਜਦੋਂ ਕਿ ਸਰਨਾ ਧੜੇ ਕੋਲ 14 ਮੈਂਬਰ ਹਨ।

ਦੋਵੇਂ ਦਲਾਂ ਦੇ ਰਲੇਵੇਂ ਮਗਰੋਂ ਸੁਖਬੀਰ ਬਾਦਲ ਨੇ ਕਿਹਾ ਕਿ ਅੱਜ ਦੀ ਪੰਥਕ ਇਕੱਤਰਤਾ ਮੁੜ ਪੰਥਕ ਸੁਰਜੀਤੀ ਦਾ ਸੰਕੇਤ ਦਿੰਦੀ ਹੈ। ਸਿੱਖ ਕੌਮ ਵਿੱਚ ਘਰੇਲੂ ਜੰਗ ਛੇੜਨ ਲਈ ਕੋਝੀਆਂ ਸਾਜ਼ਿਸ਼ਾਂ ਕੰਮ ਕਰ ਰਹੀਆਂ ਹਨ, ਇਹ ਏਕਤਾ ਹੀ ਇਨ੍ਹਾਂ ਸਾਜ਼ਿਸ਼ਾਂ ਨੂੰ ਅਸਫ਼ਲ ਕਰੇਗੀ। ਬਾਦਲ ਨੇ ਕਿਹਾ ਕਿ ਸੰਕਟ ਦੇ ਦੌਰ ਨੇ ਹਮੇਸ਼ਾਂ ਖਾਲਸਾ ਪੰਥ ਨੂੰ ਇਕਜੁੱਟ ਕੀਤਾ ਹੈ।

ਉਨ੍ਹਾਂ ਕਿਹਾ ਕਿ ਲੁਕਵੇਂ ਦੁਸ਼ਮਣ ਹਰਿਆਣੇ ਲਈ ਵੱਖਰੀ ਗੁਰਦੁਆਰਾ ਕਮੇਟੀ ਨੂੰ ਮਾਨਤਾ ਦੇ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਨੂੰ ਤੋੜ ਕੇ ਪੰਥ ਨੂੰ ਕਮਜ਼ੋਰ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਬਾਹਰੀ ਹਮਲੇ ਤੇ ਅੰਦਰੂਨੀ ਜੋੜ ਤੋੜ ਨਾਲ ਲੜਨ ਲਈ ਏਕਤਾ ਸਮੇਂ ਦੀ ਲੋੜ ਹੈ। ਉਨ੍ਹਾਂ ਸਰਨਾ ਨੂੰ ਪੰਥ ਨੂੰ ਇੱਕਜੁਟ ਕਰਨ ਸਬੰਧੀ ਮੁਹਿੰਮ ਦੀ ਅਗਵਾਈ ਕਰਨ ਲਈ ਆਖਿਆ।

ਸਰਨਾ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਪਾਰਟੀ ਦੀ ਟਿਕਟ ‘ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਧੋਖਾ ਦਿੱਤਾ ਹੈ, ਉਨ੍ਹਾਂ ਨੂੰ ਪੰਥ ਦੇ ਨਾਲ-ਨਾਲ ਗੁਰੂ ਸਾਹਿਬ ਤੋਂ ਵੀ ਮੁਆਫ਼ੀ ਮੰਗਣੀ ਚਾਹੀਦੀ ਹੈ ਤੇ ਪਾਰਟੀ ਵਿੱਚ ਵਾਪਸ ਆਉਣਾ ਚਾਹੀਦਾ ਹੈ।