ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਢਾਂਚੇ ਵਿੱਚ ਵੀਰਵਾਰ ਨੂੰ ਵੱਡੇ ਪੱਧਰ 'ਤੇ ਫੇਰਬਦਲ ਕੀਤੇ ਗਏ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀਰਵਾਰ ਨੂੰ ਨਵੇਂ ਅਹੁਦੇਦਾਰਾਂ ਦੀ ਸੂਚੀ ਜਾਰੀ ਕੀਤੀ, ਜਿਸ ਵਿੱਚ ਸਾਬਕਾ ਕੋਰ ਕਮੇਟੀ ਮੈਂਬਰ ਸੁਖਦੇਵ ਸਿੰਘ ਢੀਂਡਸਾ ਤੇ ਰਣਜੀਤ ਸਿੰਘ ਬ੍ਰਹਮਪੁਰਾ ਦੇ ਬਾਗ਼ੀ ਹੋਣ ਕਾਰਨ ਇਨ੍ਹਾਂ ਦੀ ਥਾਂ ਹੋਰਨਾਂ ਸੀਨੀਅਰ ਆਗੂਆਂ ਨੂੰ ਦੇ ਦਿੱਤੀ ਹੈ।


ਨਵੀਂ ਸੂਚੀ ਮੁਤਾਬਕ ਪਾਰਟੀ ਦਾ ਸਕੱਤਰ ਜਨਰਲ ਬਲਵਿੰਦਰ ਸਿੰਘ ਭੂੰਦੜ ਨੂੰ ਥਾਪਿਆ ਗਿਆ ਹੈ, ਜਿਸ 'ਤੇ ਪਹਿਲਾਂ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਬਿਰਾਜਮਾਨ ਸਨ। ਉੱਧਰ, ਪਿਛਲੇ ਸਾਲ ਅਕਾਲੀ ਦਲ ਵਿੱਚ ਘਰ ਵਾਪਸੀ ਕਰਨ ਵਾਲੇ ਜਗਮੀਤ ਸਿੰਘ ਬਰਾੜ ਨੂੰ ਵੀ ਅਕਾਲੀ ਦਲ ਵਿੱਚ ਅਹਿਮ ਥਾਂ ਮਿਲ ਗਈ ਹੈ। ਸੁਖਬੀਰ ਬਾਦਲ ਨੇ ਜਗਮੀਤ ਸਿੰਘ ਬਰਾੜ ਨੂੰ ਪਾਰਟੀ ਦਾ ਸੀਨੀਅਰ ਮੀਤ ਪ੍ਰਧਾਨ ਥਾਪਿਆ ਹੈ। ਇਸ ਤੋਂ ਇਲਾਵਾ ਜਥੇਦਾਰ ਤੋਤਾ ਸਿੰਘ, ਨਿਰਮਲ ਸਿੰਘ ਕਾਹਲੋਂ, ਚਰਨਜੀਤ ਸਿੰਘ ਅਟਵਾਲ, ਡਾ. ਉਪਿੰਦਰਜੀਤ ਕੌਰ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਮਹੇਸ਼ਇੰਦਰ ਸਿੰਘ ਗਰੇਵਾਲ, ਡਾ. ਦਲਜੀਤ ਸਿੰਘ ਚੀਮਾ, ਸ਼ਰਨਜੀਤ ਸਿੰਘ ਢਿੱਲੋਂ, ਜਨਮੇਜਾ ਸਿੰਘ ਸੇਖੋਂ, ਆਦੇਸ਼ ਪ੍ਰਤਾਪ ਸਿੰਘ ਕੈਰੋਂ, ਨਰੇਸ਼ਗੁਜਰਾਲ, ਪ੍ਰਕਾਸ਼ ਚੰਦ ਗਰਗ, ਹਰਮਨਜੀਤ ਸਿੰਘ ਦਿੱਲੀ ਅਤੇ ਹਰਮੇਲ ਸਿੰਘ ਟੌਹੜਾ ਨੂੰ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।

ਪਾਰਟੀ ਦਾ ਖ਼ਜ਼ਾਨਚੀ ਐੱਨ.ਕੇ. ਸ਼ਰਮਾ ਨੂੰ ਨਿਯੁਕਤ ਕੀਤਾ ਗਿਆ ਹੈ। ਹੀਰਾ ਸਿੰਘ ਗਾਬੜੀਆ ਤੇ ਮਨਜਿੰਦਰ ਸਿੰਘ ਸਿਰਸਾ ਦੇ ਨਾਂ ਕੋਰ ਕਮੇਟੀ ਵਿੱਚ ਮੈਂਬਰਾਂ ਵਜੋਂ ਸ਼ਾਮਲ ਕੀਤੇ ਗਏ ਹਨ। ਗਾਬੜੀਆ ਨੂੰ ਪਾਰਟੀ ਦੇ ਬੀਸੀ ਵਿੰਗ ਦਾ ਮੁੜ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਸਿਕੰਦਰ ਸਿੰਘ ਮਲੂਕਾ ਨੂੰ ਕਿਸਾਨ ਵਿੰਗ ਦਾ ਪ੍ਰਧਾਨ ਤੇ ਪਾਰਟੀ ਦੇ ਮੁਲਾਜ਼ਮ ਵਿੰਗ ਦਾ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ। ਯੂਥ ਆਗੂ ਸਰਬਜੀਤ ਸਿੰਘ ਸਾਬੀ ਨੂੰ ਯੂਥ ਅਕਾਲੀ ਦਲ ਦਾ ਸਕੱਤਰ ਜਨਰਲ ਤੇ ਪਵਨ ਕੁਮਾਰ ਟੀਨੂ ਨੂੰ ਪਾਰਟੀ ਦੇ ਐੱਸਸੀ ਵਿੰਗ ਦਾ ਸਕੱਤਰ ਜਨਰਲ ਨਿਯੁਕਤ ਕੀਤਾ ਗਿਆ ਹੈ।

ਇਹ ਵੀ ਪੜ੍ਹੋ: