ਲੁਧਿਆਣਾ: ਦਾਖਾ ਵਿਧਾਨ ਸਭਾ ਖੇਤਰ ‘ਚ ਅਕਾਲੀ ਦਲ ਦੇ ਉਮੀਦਵਾਰ ਮਨਪ੍ਰੀਤ ਇਆਲੀ ਦੇ ਪੱਖ ‘ਚ ਚੋਣ ਪ੍ਰਚਾਰ ਕਰਨ ਸੁਖਬੀਰ ਬਾਦਲ ਪਹੁੰਚੇ। ਉਨ੍ਹਾਂ ਨੇ 2022 ‘ਚ ਅਕਾਲੀ ਸਰਕਾਰ ਬਣਾਉਣ ਦਾ ਦਾਅਵਾ ਕਰਦਿਆਂ ਕਿਹਾ ਕਿ ਸਰਕਾਰ ਬਣਨ ਮਗਰੋਂ ਉਹ ਦਾਖਾ ਦੇ ਵਿਕਾਸ ਲਈ ਟਰੱਕ ਭਰਕੇ ਨੋਟ ਭੇਜਣਗੇ।

ਇਸ ਮੌਕੇ ਸੁਖਬੀਰ ਬਾਦਲ ਨੇ ਕਾਂਗਰਸ ਨੂੰ ਚੰਗੇ ਰਗੜੇ ਲਾਏ। ਦਾਖਾ ਦੇ ਪਿੰਡ ਬੱਦੋਵਾਲ ਵਿੱਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਕਾਂਗਰਸ ਸ਼੍ਰੀ ਅਕਾਲ ਤਖ਼ਤ ‘ਤੇ ਤੋਪਾਂ ਤੇ ਟੈਂਕਾਂ ਨਾਲ ਹਮਲਾ ਕਰ ਸਕਦੀ ਹੈ ਤਾਂ ਉਨ੍ਹਾਂ ਲਈ ਕਿਸੇ ਦੀ ਵੀ ਪੱਗ ਲਾਹੁਣਾ ਕੋਈ ਵੱਡੀ ਗੱਲ ਨਹੀਂ। ਉਹ ਕਾਂਗਰਸੀ ਮੰਤਰੀ ਭਾਰਤ ਭੂਸ਼ਨ ਨਾਲ ਝੜਪ ਦੌਰਾਨ ਸਿੱਖ ਨੌਜਵਾਨ ਦੀ ਪੱਗ ਲਹਿਣ ਬਾਰੇ ਟਿੱਪਣੀ ਕਰ ਰਹੇ ਸੀ।

ਕਾਬਲੇਗੌਰ ਹੈ ਕਿ ਇਸ ਸਮੇਂ ਸੂਬੇ ‘ਚ ਚਾਰ ਵਿਧਾਨ ਸਭਾ ਹਲਕਿਆਂ ‘ਚ ਜ਼ਿਮਨੀ ਚੋਣਾਂ 21 ਅਕਤੂਬਰ ਨੂੰ ਹੋਣੀਆਂ ਹਨ। ਇਨ੍ਹਾਂ ਨੂੰ ਲੈ ਕੇ ਸੂਬੇ ‘ਚ ਹਰ ਪਾਰਟੀ ਵੱਲੋਂ ਆਪਣੇ-ਆਪਣੇ ਉਮੀਦਵਾਰ ਲਈ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਆਪਣੀਆਂ ਸਰਕਾਰਾਂ ਦੇ ਕੰਮ ਤੇ ਵਿਰੋਧੀ ਧਿਰ ਦੀਆਂ ਕਮੀਆਂ ਖੂਬ ਗਿਣਵਾਇਆਂ ਜਾ ਰਹੀਆਂ ਹਨ।