ਫ਼ਾਜ਼ਿਲਕਾ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਲੋਕਾਂ ਤੋਂ ਮੋਦੀ ਦੇ ਨਾਂ 'ਤੇ ਵੋਟ ਮੰਗਣੀ ਸ਼ੁਰੂ ਕਰ ਦਿੱਤੀ ਹੈ। ਸੁਖਬੀਰ ਆਪਣੇ ਸੱਤਾ ਵਿੱਚ ਹੋਣ ਸਮੇਂ ਵਿਕਾਸ ਕਰਵਾਉਣ ਦੀ ਗੱਲ ਅਕਸਰ ਕਰਦੇ ਹਨ ਪਰ ਅੱਜ-ਕੱਲ੍ਹ ਉਨ੍ਹਾਂ ਇਸ ਦੇ ਮਾਪਦੰਡ ਵੀ ਬਦਲ ਲਏ ਹਨ।

ਬਾਦਲ ਅੱਜ ਫ਼ਾਜ਼ਿਲਕਾ ਦੇ ਬੱਲੂਆਨਾ ਹਲਕੇ ਵਿੱਚ ਆਏ, ਜਿੱਥੇ ਉਨ੍ਹਾਂ ਸੀਤੋ ਗੁਨੋ ਵਿੱਚ ਵਰਕਰਾਂ ਨੂੰ ਸੰਬੋਧਨ ਕੀਤਾ ਤੇ ਉਨ੍ਹਾਂ ਨੂੰ ਆਪਣੀ ਪਾਰਟੀ ਨੂੰ ਵੋਟ ਪਾਉਣ ਦੀ ਅਪੀਲ ਕੀਤੀ। ਬਾਦਲ ਨੇ ਲੋਕਾਂ ਨੂੰ ਕਿਹਾ ਕਿ ਦੇਸ਼ ਦਾ ਪ੍ਰਧਾਨ ਮੰਤਰੀ ਮਜ਼ਬੂਤ ਹੋਣਾ ਚਾਹੀਦਾ ਹੈ ਜੋ ਵੱਡੇ ਫੈਸਲੇ ਲੈ ਸਕਦਾ ਹੋਵੇ। ਉਨ੍ਹਾਂ ਕਿਹਾ ਕਿ ਪੀਐਮ ਮੋਦੀ ਨੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਉਤੇ ਦਬਾਅ ਬਣਾ ਕੇ ਪਾਇਲਟ ਅਭਿਨੰਦਨ ਨੂੰ ਦੂਜੇ ਦਿਨ ਹੀ ਵਾਪਸ ਕਰਵਾ ਲਿਆ ਤੇ ਇਮਰਾਨ ਖਾਨ ਡਰ ਗਿਆ।

ਸੁਖਬੀਰ ਨੇ ਮੋਦੀ ਦੇ ਦਲੇਰ ਹੋਣ ਦੀ ਤੁਲਨਾ ਵਿੱਚ ਕਿਹਾ ਕਿ ਰਾਹੁਲ ਗਾਂਧੀ ਤਾਂ ਸਿਰਫ ਲਿਖਿਆ ਹੋਇਆ ਭਾਸ਼ਣ ਹੀ ਪੜ੍ਹ ਸਕਦੇ ਹਨ। ਇੱਥੇ ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਚਲਾਈਆਂ ਗਈਆਂ ਸਾਰੀਆਂ ਸਕੀਮਾਂ ਕੈਪਟਨ ਸਰਕਾਰ ਨੇ ਬੰਦ ਕਰ ਦਿੱਤੀਆਂ। ਉਨ੍ਹਾਂ ਕਿਹਾ ਕਿ ਅਸੀਂ ਆਪਣੇ ਕਾਰਜਕਾਲ ਦੌਰਾਨ ਇਸ ਹਲਕੇ ਨੂੰ ਬਹੁਤ ਪੈਸਾ ਦਿੱਤਾ ਹੈ, ਪਰ ਕਾਂਗਰਸ ਨੇ ਆਪਣੇ ਦੋ ਸਾਲ ਦੇ ਕਾਰਜਕਾਲ ਦੇ ਦੌਰਾਨ ਕੋਈ ਵੀ ਗਰਾਂਟ ਨਹੀਂ ਦਿੱਤੀ।

ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਨ੍ਹਾਂ ਨੂੰ ਦੁਬਾਰਾ ਸੱਤਾ ਵਿੱਚ ਆਉਣ ਦਾ ਮੌਕਾ ਦਿੱਤਾ ਜਾਵੇਗਾ ਤਾਂ ਉਹ ਇਸ ਇਲਾਕੇ ਨੂੰ ਵੀ ਜਲਾਲਾਬਾਦ ਦੇ ਵਰਗਾ ਬਣਾ ਦੇਣਗੇ। ਸੁਖਬੀਰ ਨੇ ਕੈਬਨਿਟ ਮੰਤਰੀ ਨਵਜੋਤ ਸਿੱਧੂ 'ਤੇ ਵੀ ਤਿੱਖੇ ਤੀਰ ਛੱਡੇ। ਉਨ੍ਹਾਂ ਕਿਹਾ ਕਿ ਸਿੱਧੂ ਨੂੰ ਸ਼ਰਮ ਆਉਣੀ ਚਾਹੀਦੀ ਜੋ ਹਰ ਵਕਤ ਪਾਕਿਸਤਾਨ ਦੀ ਗੱਲ ਕਰਦੇ ਹਨ ਜੇਕਰ ਉਨ੍ਹਾਂਨੂੰ ਪਾਕਿਸਤਾਨੀ ਨਾਲ ਇੰਨਾ ਹੀ ਪਿਆਰ ਹੈ ਤਾਂ ਉਹ ਪਾਕਿਸਤਾਨ ਹੀ ਜਾਕੇ ਰਹਿ ਲਵੇ ਇੱਥੇ ਕਿਉਂ ਰਹਿ ਰਿਹਾ ਹੈ।