Sukhbir Badal Property: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੇ ਚੋਣ ਹਲਫ਼ਨਾਮੇ ਵਿੱਚ ਕੁੱਲ 122.77 ਕਰੋੜ ਰੁਪਏ ਦੀ ਜਾਇਦਾਦ ਦੱਸੀ ਹੈ। ਇਸ ਵਿੱਚ 95.82 ਲੱਖ ਰੁਪਏ ਦੇ ਘੋੜੇ, 3 ਲੱਖ ਰੁਪਏ ਦੇ ਦੋ ਹਥਿਆਰ ਤੇ 52.95 ਕਰੋੜ ਰੁਪਏ ਦੀ ਅਚੱਲ ਜਾਇਦਾਦ ਸ਼ਾਮਲ ਹੈ। ਬਾਦਲ ਨੇ 20 ਫਰਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਪੰਜਾਬ ਦੇ ਫਾਜ਼ਿਲਕਾ ਜ਼ਿਲ੍ਹੇ ਦੀ ਜਲਾਲਾਬਾਦ ਸੀਟ ਤੋਂ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ।



ਅਕਾਲੀ ਆਗੂ ਨੇ ਐਲਾਨ ਕੀਤਾ ਕਿ ਉਹ ਤੇ ਉਨ੍ਹਾਂ ਦੀ ਪਤਨੀ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਕੋਲ ਕ੍ਰਮਵਾਰ 51.21 ਕਰੋੜ ਰੁਪਏ ਅਤੇ 71.56 ਕਰੋੜ ਰੁਪਏ ਦੀ ਚੱਲ ਅਤੇ ਅਚੱਲ ਜਾਇਦਾਦ ਹੈ। ਹਲਫਨਾਮੇ ਮੁਤਾਬਕ ਫਿਰੋਜ਼ਪੁਰ ਤੋਂ ਸੰਸਦ ਮੈਂਬਰ ਸੁਖਬੀਰ ਬਾਦਲ 95.82 ਲੱਖ ਰੁਪਏ ਦੇ ਘੋੜਿਆਂ ਅਤੇ 3 ਲੱਖ ਰੁਪਏ ਦੇ ਦੋ ਹਥਿਆਰਾਂ ਦੇ ਮਾਲਕ ਹਨ, ਜਦਕਿ ਉਨ੍ਹਾਂ ਦੀ ਪਤਨੀ ਕੋਲ 3.40 ਲੱਖ ਰੁਪਏ ਦੀਆਂ ਤਸਵੀਰਾਂ ਅਤੇ 1.25 ਲੱਖ ਰੁਪਏ ਦੇ ਹਥਿਆਰ ਹਨ।

ਅਕਾਲੀ ਪ੍ਰਧਾਨ ਨੇ ਦੱਸਿਆ ਕਿ ਉਸ ਕੋਲ ਕੋਈ ਕਾਰ ਨਹੀਂ ਹੈ ਪਰ 2.38 ਲੱਖ ਰੁਪਏ ਦੇ ਦੋ ਟਰੈਕਟਰ ਉਸ ਦੇ ਨਾਂ ’ਤੇ ਹਨ। ਹਲਫ਼ਨਾਮੇ ਮੁਤਾਬਕ ਸੁਖਬੀਰ ਬਾਦਲ ਕੋਲ 9 ਲੱਖ ਰੁਪਏ ਹਨ, ਜਦਕਿ ਉਨ੍ਹਾਂ ਦੀ ਪਤਨੀ ਕੋਲ 7.24 ਕਰੋੜ ਰੁਪਏ ਦੇ ਸੋਨੇ ਦੇ ਗਹਿਣੇ ਹਨ। ਅਚੱਲ ਜਾਇਦਾਦ ਦੀ ਗੱਲ ਕਰਦਿਆਂ ਬਾਦਲ ਨੇ ਮੁਕਤਸਰ, ਸਿਰਸਾ (ਹਰਿਆਣਾ), ਗੰਗਾਨਗਰ (ਰਾਜਸਥਾਨ), ਲੁਧਿਆਣਾ ਅਤੇ ਜਲੰਧਰ ਵਿੱਚ ਖੇਤੀਬਾੜੀ ਅਤੇ ਗੈਰ-ਖੇਤੀ ਜ਼ਮੀਨ ਤੋਂ ਇਲਾਵਾ ਵਪਾਰਕ ਜਾਇਦਾਦ ਹੋਣ ਦੀ ਗੱਲ ਕੀਤੀ ਹੈ।

ਹਲਫ਼ਨਾਮੇ ਅਨੁਸਾਰ ਚੰਡੀਗੜ੍ਹ ਦੇ ਸੈਕਟਰ 9 ਵਿੱਚ 2225 ਵਰਗ ਗਜ਼ ਦੇ ਰਕਬੇ ਵਿੱਚ ਬਾਦਲ ਦੇ ਨਾਂ ’ਤੇ ਬਣਿਆ ਮਕਾਨ ਹੈ, ਜਿਸ ਦੀ ਮਾਰਕੀਟ ਕੀਮਤ 23.72 ਕਰੋੜ ਰੁਪਏ ਹੈ। ਹਲਫ਼ਨਾਮੇ ਅਨੁਸਾਰ ਅਕਾਲੀ ਆਗੂ 'ਤੇ ਬੈਂਕ ਕਰਜ਼ਿਆਂ ਸਮੇਤ ਕੁੱਲ 37.62 ਕਰੋੜ ਰੁਪਏ ਦੀ ਦੇਣਦਾਰੀ ਹੈ। ਨਾਮਜ਼ਦਗੀ ਪੱਤਰ ਵਿੱਚ ਸੁਖਬੀਰ ਬਾਦਲ ਨੇ 1987 ਵਿੱਚ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਤੋਂ ਐਮਬੀਏ ਕਰਨ ਦੀ ਜਾਣਕਾਰੀ ਦਿੰਦੇ ਹੋਏ ਆਪਣੇ ਆਪ ਨੂੰ ਕਿਸਾਨ ਦੱਸਿਆ ਹੈ।


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904