Punjab News: ਖਾਲਿਸਤਾਨ ਪੱਖੀ ਲੀਡਰ ਗੁਰਪਤਵੰਤ ਪੰਨੂ ਵੱਲੋਂ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤਾਂ ਨੂੰ ਨਿਸ਼ਾਨਾ ਬਣਾਏ ਜਾਣ ਉਪਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਖੂਬ ਭੜਕੇ ਹਨ। ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਘੇਰਿਆ ਹੈ। ਸੁਖਬੀਰ ਬਾਦਲ ਨੇ ਕਿਹਾ ਹੈ ਕਿ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ਦੀ ਲਗਾਤਾਰ ਹੋ ਰਹੀ ਬੇਅਦਬੀ ਸੂਬੇ ਅੰਦਰ ਕਾਨੂੰਨ ਵਿਵਸਥਾ ਦੇ ਬੁਰੀ ਤਰ੍ਹਾਂ ਫੇਲ੍ਹ ਹੋ ਜਾਣ ਦਾ ਪ੍ਰਤੱਖ ਸਬੂਤ ਹੈ।
ਉਨ੍ਹਾਂ ਨੇ ਕਿਹਾ ਕਿ ਨੂਰਪੁਰ ਜੱਟਾਂ ਵਾਲੀ ਘਟਨਾ ਪਿਛਲੇ ਕੁਝ ਮਹੀਨਿਆਂ ਵਿੱਚ ਬਾਬਾ ਸਾਹਿਬ ਨੂੰ ਨਿਸ਼ਾਨਾ ਬਣਾਕੇ ਕੀਤੀਆਂ ਗਈਆਂ ਬੇਅਦਬੀਆਂ ਦੀ ਪੰਜਵੀਂ ਘਟਨਾ ਹੈ।
ਇਸ ਤੋਂ ਪਹਿਲਾਂ ਸ੍ਰੀ ਅੰਮ੍ਰਿਤਸਰ ਸਾਹਿਬ (26 ਜਨਵਰੀ), ਫਿਲੌਰ (31 ਮਾਰਚ ਤੇ 1 ਜੂਨ) ਤੇ ਬਟਾਲਾ (2 ਅਪ੍ਰੈਲ) ਵਿੱਚ ਅਜਿਹੀਆਂ ਬੇਅਦਬੀ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ।
ਸੁਖਬੀਰ ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਵਿਚਲੀ ਡੂੰਘੀ ਭਾਈਚਾਰਕ ਸਾਂਝ ਤੇ ਧਾਰਮਿਕ ਸਦਭਾਵਨਾ ਨੂੰ ਤਬਾਹ ਕਰਕੇ ਰੱਖ ਦਿੱਤਾ ਹੈ। ਇਨ੍ਹਾਂ ਦੇ ਆਗੂ ਤੇ ਮੰਤਰੀ ਭ੍ਰਿਸ਼ਟਾਚਾਰ ਤੇ ਰਿਸ਼ਵਤਖ਼ੋਰੀ ਦੇ ਹੜ੍ਹ ’ਚ ਡੁੱਬੇ ਹੋਏ ਹਨ ਤੇ ਉਨ੍ਹਾਂ ਕੋਲ ਪੰਜਾਬ ਦੀ ਭਾਈਚਾਰਕ ਸਾਂਝ ਤੇ ਅਮਨ-ਸ਼ਾਂਤੀ ਨੂੰ ਦਰਪੇਸ਼ ਗੰਭੀਰ ਚੁਣੌਤੀਆਂ ਨਾਲ ਨਜਿੱਠਣ ਦੀ ਵਿਹਲ ਹੀ ਨਹੀਂ ਹੈ।
ਉਨ੍ਹਾਂ ਨੇ ਕਿਹਾ ਕਿ 2017 ਤੋਂ ਲਗਾਤਾਰ ਪੰਜਾਬ ਹਰ ਪੱਖੋਂ ਨਿਘਾਰ ਵੱਲ ਜਾ ਰਿਹਾ ਹੈ। ਜੰਗਲ ਰਾਜ ਬਣ ਚੁੱਕੀ ਸੂਬੇ ਦੀ ਵਿਵਸਥਾ ਵਿੱਚ ਮੌਜੂਦਾ ਆਪ ਸਰਕਾਰ ਦੀ ਨਾ ਤਾਂ ਕੋਈ ਇੱਛਾ ਹੈ ਤੇ ਨਾ ਹੀ ਇਨ੍ਹਾਂ ਕੋਲ ਐਨੀ ਸਮਰੱਥਾ ਹੈ ਕਿ ਇਹ ਅਪਰਾਧੀਆਂ ਖਿਲਾਫ਼ ਕੋਈ ਕਾਰਵਾਈ ਕਰ ਸਕਣ। ਇਹ ਸਰਕਾਰ ਹੁਣ ਆਪਣਾ ਰਾਜ ਕਰਨ ਦਾ ਨੈਤਿਕ ਤੇ ਰਾਜਨੀਤਕ ਹੱਕ ਗਵਾ ਚੁੱਕੀ ਹੈ, ਜੋ ਇੱਕ ਵੀ ਦਿਨ ਲਈ ਹੋਰ ਦਫ਼ਤਰ ਵਿੱਚ ਰਹਿਣ ਦੀ ਹੱਕਦਾਰ ਨਹੀਂ ਹੈ।
ਦੱਸ ਦਈਏ ਕਿ ਖਾਲਿਸਤਾਨ ਪੱਖੀ ਸੰਗਠਨ 'ਸਿੱਖਸ ਫਾਰ ਜਸਟਿਸ' (SFJ) ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਨੂਰਪੁਰ ਜੱਟਾਂ ਪਿੰਡ ਵਿੱਚ ਡਾ. ਭੀਮ ਰਾਓ ਅੰਬੇਡਕਰ ਦੀ ਮੂਰਤੀ ਨੂੰ ਨੁਕਸਾਨ ਪਹੁੰਚਾਉਣ ਦਾ ਦਾਅਵਾ ਕੀਤਾ ਹੈ। ਪੰਨੂ ਨੇ ਇਸ ਦਾ ਵੀਡੀਓ ਵੀ ਸ਼ੇਅਰ ਕੀਤਾ ਹੈ। ਪੰਨੂ ਵੱਲੋਂ ਲਗਾਤਾਰ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਹ 8 ਦਿਨਾਂ ਵਿੱਚ ਦੂਜੀ ਘਟਨਾ ਹੈ ਜਦੋਂ ਅੰਬੇਡਕਰ ਦੇ ਬੁੱਤ ਨੂੰ ਨਿਸ਼ਾਨਾ ਬਣਾਇਆ ਗਿਆ। ਇਸ ਤੋਂ ਪਹਿਲਾਂ ਫਗਵਾੜਾ ਦੇ ਫਿਲੌਰ ਇਲਾਕੇ ਵਿੱਚ ਵੀ ਬੁੱਤ ਨਾਲ ਛੇੜਛਾੜ ਕੀਤੀ ਗਈ ਸੀ।
ਪੰਨੂ ਨੇ ਵੀਡੀਓ ਫੁਟੇਜ ਜਾਰੀ ਕੀਤੀ ਹੈ ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਨੂਰਪੁਰ ਜੱਟਾਂ ਪਿੰਡ ਵਿੱਚ ਅੰਬੇਡਕਰ ਦੇ ਬੁੱਤ ਦੇ ਹੱਥਾਂ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ। ਇਹ ਵਾਰਦਾਤ ਕਟਰ ਨਾਲ ਕੀਤੀ ਗਈ ਸੀ। ਬੁੱਤ ਦੇ ਨੇੜੇ ਖਾਲਿਸਤਾਨ ਦਾ ਝੰਡਾ ਤੇ "ਸਿੱਖ ਹਿੰਦੂ ਨਹੀਂ ਹਨ" ਤੇ "ਟਰੰਪ ਜ਼ਿੰਦਾਬਾਦ" ਵਰਗੇ ਭੜਕਾਊ ਨਾਅਰੇ ਵੀ ਲਾਏ ਗਏ।