Punjab History: ਮਾਸਟਰ ਤਾਰਾ ਸਿੰਘ ਸਿੱਖਾਂ ਦੇ ਅਜਿਹੇ ਆਗੂ ਸਨ ਜੋ ਲਗਭਗ 50 ਸਾਲਾਂ ਤੱਕ ਸਿੱਖ ਰਾਜਨੀਤੀ ਅਤੇ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਰਹੇ। ਉਨ੍ਹਾਂ ਨੇ ਸਾਲ 1921 ਤੋਂ 1967 ਤੱਕ ਪੰਜਾਬ ਦੇ ਸਿਆਸੀ ਅਤੇ ਹੋਰ ਮਹੱਤਵਪੂਰਨ ਮੁੱਦਿਆਂ ਵਿੱਚ ਮੋਹਰੀ ਰੋਲ ਅਦਾ ਕੀਤਾ। ਮਾਸਟਰ ਤਾਰਾ ਸਿੰਘ (Master tara Singh) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ 7 ਵਾਰ ਪ੍ਰਧਾਨ ਬਣੇ ਸਨ। ਮਾਸਟਰ ਤਾਰਾ ਸਿੰਘ ਦਾ ਦਿਹਾਂਤ 22 ਨਵੰਬਰ 1967 ਨੂੰ ਹੋਇਆ ਸੀ। ਇਸ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਨੇ ਸੋਸ਼ਲ ਮੀਡੀਆ ਉੱਤੇ ਸ਼ਰਧਾਂਜਲੀ ਦਿੱਤੀ ਹੈ।
ਸੁਖਬੀਰ ਸਿੰਘ ਬਾਦਲ (Sukhbir Singh Badal) ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ 'ਪੰਥ ਰਤਨ' ਮਾਸਟਰ ਤਾਰਾ ਸਿੰਘ ਜੀ ਤਾਅ ਉਮਰ ਪੰਜਾਬ ਦੀਆਂ ਧਾਰਮਿਕ ਤੇ ਰਾਜਨੀਤਕ ਸਰਗਰਮੀਆਂ ਦਾ ਕੇਂਦਰ ਰਹੇ । ਸਿੱਖ ਰਾਜਨੀਤੀ ਵਿੱਚ ਜਿੱਥੇ ਉਨ੍ਹਾਂ ਨੇ ਪੰਥ ਦੀ ਅਗਵਾਈ ਕੀਤੀ, ਉਥੇ ਦੇਸ਼ ਦੀ ਆਜ਼ਾਦੀ ਦੇ ਸੰਗ੍ਰਾਮ ਵਿੱਚ ਵੀ ਪੂਰਾ ਯੋਗਦਾਨ ਪਾਇਆ । ਅੱਜ ਮਾਸਟਰ ਤਾਰਾ ਸਿੰਘ ਜੀ ਦੀ ਬਰਸੀ ਮੌਕੇ ਉਨ੍ਹਾਂ ਨੂੰ ਸਾਦਰ ਪ੍ਰਣਾਮ ਕਰਦਾ ਹਾਂ ।
ਜ਼ਿਕਰ ਕਰ ਦਈਏ ਕਿ 1920 ਵਿੱਚ ਸ਼੍ਰੋਮਣੀ ਕਮੇਟੀ ਦੀ ਸਥਾਪਨਾ ਹੋਈ ਤੇ ਤਾਰਾ ਸਿੰਘ 176 ਮੋਢੀ ਮੈਂਬਰਾਂ ਵਿੱਚ ਸਨ। ਮਾਸਟਰ ਤਾਰਾ ਸਿੰਘ ਪੰਜਾਬੀ ਦੇ ਇੱਕ ਸਾਹਿਤਕਾਰ ਹੋਣ ਦੇ ਨਾਲ-ਨਾਲ ਪੱਤਰਕਾਰ ਵੀ ਸਨ। ਪੱਤਰਕਾਰੀ ਦਾ ਸ਼ੌਕ ਉਨ੍ਹਾਂ ਨੂੰ ਜਵਾਨੀ ਵਿੱਚ ਹੀ ਹੋ ਗਿਆ ਸੀ। ਮਾਸਟਰ ਤਾਰਾ ਸਿੰਘ ਨੇ ਸਾਲ 1909 ਵਿੱਚ ‘ਸੱਚਾ ਢੰਡੋਰਾ’ ਨਾਂ ਦਾ ਇੱਕ ਹਫ਼ਤਾਵਾਰੀ ਰਸਾਲਾ ਸ਼ੁਰੂ ਕੀਤਾ। ਸਾਲ 1955 ਦੇ ਆਰੰਭ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਈਆਂ ਜਿਹੜੀਆਂ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬੀ ਸੂਬੇ ਦੇ ਮੁੱਦੇ ਨੂੰ ਅਧਾਰ ਬਣਾ ਕੇ ਲੜੀਆਂ। ਅਕਾਲੀ ਦਲ ਨੇ 112 ਸੀਟਾਂ ਤੇ ਉਮੀਦਵਾਰ ਖੜੇ ਕੀਤੇ ਅਤੇ ਸਾਰੀਆਂ ਸੀਟਾਂ 'ਤੇ ਹੀ ਜਿੱਤ ਪ੍ਰਾਪਤ ਕੀਤੀ।
ਦੱਸ ਦਈ ਕਿ ਪੰਜਾਬ ਸੂਬੇ ਦੀ ਮੰਗ ਨੂੰ ਲੈ ਕੇ ਮਾਸਟਰ ਤਾਰਾ ਸਿੰਘ ਨੇ ਆਪਣਾ ਮਰਨ ਵਰਤ ਦੇਸ਼ ਦੇ ਆਜ਼ਾਦੀ ਦਿਹਾੜੇ ਮੌਕੇ 15 ਅਗਸਤ, 1961 ਨੂੰ ਸ਼ੁਰੂ ਕਰ ਦਿੱਤਾ। ਮਾਸਟਰ ਤਾਰਾ ਸਿੰਘ ਨੇ ਦਰਬਾਰ ਸਾਹਿਬ, ਅੰਮ੍ਰਿਤਸਰ ਵਿਖੇ ਇਹ ਸਹੁੰ ਚੁੱਕੀ ਕਿ ਉਹ ਉਦੋਂ ਤਕ ਆਪਣਾ ਵਰਤ ਨਹੀਂ ਤੋੜਨਗੇ ਜਦੋਂ ਤੱਕ ਪ੍ਰਧਾਨ ਮੰਤਰੀ ਪੰਜਾਬੀ ਸੂਬੇ ਦੀ ਮੰਗ ਨੂੰ ਸਵੀਕਾਰ ਨਹੀਂ ਕਰ ਲੈਂਦਾ। ਜਵਾਹਰ ਲਾਲ ਨਹਿਰੂ ਨੇ ਭਾਵੇਂ ਅਕਾਲੀ ਦਲ ਨੂੰ ਕੁਝ ਰਿਆਇਤਾਂ ਦਿੱਤੀਆਂ ਪਰ ਪੰਜਾਬੀ ਸੂਬੇ ਦੀ ਮੰਗ ਨੂੰ ਨਾ ਮੰਨਣ ਬਾਰੇ ਅੜੇ ਰਹੇ। ਮਾਸਟਰ ਤਾਰਾ ਸਿੰਘ ਨੇ 48 ਦਿਨਾਂ ਬਾਅਦ ਮਰਨ ਵਰਤ ਤੋੜ ਦਿੱਤਾ ਜਦੋਂ ਉਨ੍ਹਾਂ ਨੂੰ ਮੰਗਾਂ ਮੰਨਣ ਦਾ ਭਰੋਸਾ ਦਿੱਤਾ ਗਿਆ ਸੀ।
ਮਾਸਟਰ ਤਾਰਾ ਸਿੰਘ ਨੇ ਪੰਜਾਬੀ ਭਾਸ਼ਾ ਵਾਸਤੇ ਇਕ ਵੱਖਰੇ ਸੂਬੇ ਦੀ ਮੰਗ ਲਈ ਸੰਘਰਸ਼ ਸ਼ੁਰੂ ਕੀਤਾ। ਉਨ੍ਹਾਂ ਨੂੰ ਇਸ ਮੰਤਵ ਲਈ ਕਈ ਵਾਰ ਜੇਲ੍ਹ ਜਾਣਾ ਪਿਆ ਅਤੇ ਕਈ ਹੜਤਾਲਾਂ, ਮੋਰਚੇ ਲਗਾਉਣੇ ਪਏ। ਅੰਤ 1966 ਵਿਚ ਪੰਜਾਬੀ ਭਾਸ਼ਾ ਦੇ ਆਧਾਰ ’ਤੇ ਨਵਾਂ ਪੰਜਾਬ ਹੋਂਦ ਵਿਚ ਆਇਆ। ਮਾਸਟਰ ਜੀ 82 ਸਾਲ ਦੀ ਉਮਰ ਵਿਚ 22 ਨਵੰਬਰ, 1967 ਨੂੰ ਦਿਲ ਦਾ ਦੌਰਾ ਪੈ ਜਾਣ ਕਾਰਨ ਚੰਡੀਗੜ੍ਹ ਦੇ ਪੀਜੀਆਈ ਵਿਚ ਫ਼ਾਨੀ ਸੰਸਾਰ ਤੋਂ ਰੁਖਸਤ ਹੋ ਗਏ।