Punjab News: ਪਿਛਲੇ ਛੇ ਸਾਲਾਂ ਤੋਂ ਪੰਜਾਬ ਦੀ ਜਨਤਾ ਵੱਲੋਂ ਰੱਦ ਕੀਤੇ ਸ਼੍ਰੋਮਣੀ ਅਕਾਲੀ ਦਲ ਦੀਆਂ ਮੁਸੀਬਤਾਂ ਘਟਣ ਦਾ ਨਾਂ ਨਹੀਂ ਲੈ ਰਹੀਆਂ। ਬੇਸ਼ੱਕ ਪਿਛਲੇ ਸਾਲ ਵਿਧਾਨ ਸਭਾ ਚੋਣਾਂ ਵਿੱਚ ਮੁੜ ਬੁਰਾ ਹਾਲ ਹੋਣ ਮਗਰੋਂ ਸ਼੍ਰੋਮਣੀ ਅਕਾਲੀ ਦਲ ਨੇ ਕਈ ਫੇਰਬਦਲ ਕੀਤੇ ਹਨ ਪਰ ਇਸ ਨਾਲ ਵੀ ਲੀਡਰਸ਼ਿਪ ਨੂੰ ਕੋਈ ਲੋਕਾਂ ਦਾ ਕੋਈ ਹੁੰਗਾਰਾ ਮਿਲਦਾ ਨਜ਼ਰ ਨਹੀਂ ਆ ਰਿਹਾ।


ਹੁਣ ਅਗਲੇ ਸਾਲ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਚਿੰਤਾ ਵਧਾ ਦਿੱਤੀ ਹੈ। ਪਾਰਟੀ ਨੇ ਹੁਣ ਤੋਂ ਹੀ ਹੱਥ-ਪੈਰ ਮਾਰਨੇ ਸ਼ੁਰੂ ਕਰ ਦਿੱਤੇ ਹਨ। ਪਾਰਟੀ ਲਈ ਸਭ ਵੱਡੀ ਸਮੱਸਿਆ ਬੇਅਦਬੀ ਕਾਂਡ ਬਣਿਆ ਹੋਇਆ ਹੈ। ਬੇਸ਼ੱਕ ਹੁਣ ਤੱਕ ਦੀ ਜਾਂਚ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਜਾਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਖਿਲਾਫ ਕੋਈ ਪੁਖਤਾ ਸਬੂਤ ਹੱਥ ਨਹੀਂ ਲੱਗਾ ਪਰ ਅਕਾਲੀ ਦਲ ਪ੍ਰਤੀ ਸਿੱਖ ਜਥੇਬੰਦੀਆਂ ਦਾ ਗੁੱਸਾ ਘਟਿਆ ਨਹੀਂ।


ਇਸ ਲਈ ਸ਼੍ਰੋਮਣੀ ਅਕਾਲੀ ਦਲ ਦੇ ਅਹੁਦੇਦਾਰਾਂ ਦੀ ਮੰਗਲਵਾਰ ਨੂੰ ਹੋਈ ਪਲੇਠੀ ਮੀਟਿੰਗ ਵਿੱਚ ਪਾਰਟੀ ਆਗੂਆਂ ਨੇ ਬੇਅਦਬੀ ਕਾਂਡ ਦੇ ਦਾਗ਼ ਧੋਣ ਲਈ ਅਕਾਲ ਤਖ਼ਤ ਸਾਹਿਬ ’ਤੇ ਪੇਸ਼ ਹੋਣ ਤੇ ਭਾਜਪਾ ਖ਼ਿਲਾਫ਼ ਹਮਲਾਵਰ ਰੁਖ਼ ਅਖ਼ਤਿਆਰ ਕਰਨ ’ਤੇ ਜ਼ੋਰ ਦਿੱਤਾ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਅਗਵਾਈ ਹੇਠ ਪਾਰਟੀ ਦੇ ਨਵੇਂ ਕਾਇਮ ਜਥੇਬੰਦਕ ਢਾਂਚੇ ਦੇ ਅਹੁਦੇਦਾਰਾਂ ਨਾਲ ਚੱਲੇ ਮੀਟਿੰਗਾਂ ਦੇ ਦੌਰ ਦੌਰਾਨ ਅਹਿਮ ਚਰਚਾਵਾਂ ਸਣੇ ਪਾਰਟੀ ਨੂੰ ਮੌਜੂਦਾ ਸਮੇਂ ਦੌਰਾਨ ਚੁਣੌਤੀਆਂ ਤੇ ਜਲੰਧਰ ਉਪ ਚੋਣ ਸਬੰਧੀ ਵਿਚਾਰਾਂ ਕੀਤੀਆਂ ਗਈਆਂ। 


ਸੂਤਰਾਂ ਮੁਤਾਬਕ ਇਸ ਮੀਟਿੰਗ ਦੌਰਾਨ ਨਵੇਂ ਅਹੁਦੇਦਾਰਾਂ ਨੇ ਇਸ ਗੱਲ ’ਤੇ ਚਰਚਾ ਕੀਤੀ ਕਿ ਸਾਲ 2015 ਤੋਂ ਲੈ ਕੇ ਅੱਜ ਤੱਕ ਵਿਰੋਧੀ ਪਾਰਟੀਆਂ ਵੱਲੋਂ ਬਰਗਾੜੀ, ਬਹਿਬਲ ਕਲਾਂ ਤੇ ਕੋਟਕਪੂਰਾ ਮਾਮਲਿਆਂ ’ਤੇ ਪਾਰਟੀ ਪਾਰਟੀ ਆਗੂਆਂ ’ਤੇ ਲਗਾਤਾਰ ਨਿਸ਼ਾਨਾ ਸੇਧਿਆ ਜਾ ਰਿਹਾ ਹੈ। ਨਵੇਂ ਅਹੁਦੇਦਾਰਾਂ ਨੇ ਮਸ਼ਵਰਾ ਦਿੱਤਾ ਕਿ ਇਸ ਮੁੱਦੇ ਦਾ ਜਿੰਨੀ ਜਲਦੀ ਹੋ ਸਕੇ ਅੰਤ ਹੋਣਾ ਚਾਹੀਦਾ ਹੈ। 



ਅਕਾਲੀ ਦਲ ਦੇ ਨਵੇਂ ਅਹੁਦੇਦਾਰਾਂ ਨੇ ਤਾਂ ਇਹ ਵੀ ਸਲਾਹ ਦਿੱਤੀ ਕਿ ਪਾਰਟੀ ਦੀ ਲੀਡਰਸ਼ਿਪ ਨੂੰ ਅਕਾਲ ਤਖ਼ਤ ਸਾਹਿਬ ’ਤੇ ਪੇਸ਼ ਹੋ ਕੇ ਭੁੱਲ ਬਖ਼ਸ਼ਾ ਲੈਣੀ ਚਾਹੀਦਾ ਹੈ। ਪਾਰਟੀ ਦੇ ਜ਼ਿਆਦਾਤਰ ਆਗੂਆਂ ਨੇ ਕਿਹਾ ਕਿ ਅਕਾਲੀ ਦਲ ਨੂੰ ਭਾਜਪਾ ਨਾਲ ਭਵਿੱਖ ’ਚ ਸਿਆਸੀ ਸਾਂਝ ਦੀ ਝਾਕ ਛੱਡ ਦੇਣੀ ਚਾਹੀਦੀ ਹੈ। ਪਾਰਟੀ ਨੂੰ ਭਾਜਪਾ ਖਿਲਾਫ਼ ਹਮਲਾਵਰ ਰੁਖ਼ ਅਖ਼ਤਿਆਰ ਕਰਨਾ ਚਾਹੀਦਾ ਹੈ।