Sukhbir badal: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਪੰਜਾਬ ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਨੇ ਵੀਡੀਓ ਸ਼ੇਅਰ ਕਰਕੇ ਕਿਹਾ ਹੈ ਕਿ ਲੋਕ ਖੁਦ ਸੜਕਾਂ ਦੀ ਮੁਰੰਮਤ ਕਰ ਰਹੇ ਹਨ। ਸਰਕਾਰ ਕੋਈ ਸਾਰ ਨਹੀਂ ਲੈ ਰਹੀ। ਸੁਖਬੀਰ ਬਾਦਲ ਨੇ ਟਵੀਟ ਕਰਕੇ ਕਿਹਾ ਕਿ ਬਠਿੰਡਾ ਰਿੰਗ ਰੋਡ 'ਤੇ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਕੀਤੇ ਜਾ ਰਹੇ "ਬਦਲਾਵ" ਤੇ "ਵਿਕਾਸ" ਦੀ ਝਲਕ...
ਦਰਅਸਲ ਬਠਿੰਡਾ ਸ਼ਹਿਰ ਦੀ ਰਿੰਗ ਰੋਡ ’ਤੇ ਸੁਖਬੀਰ ਬਾਦਲ ਦਾ ਕਾਫਲਾ ਜਾ ਰਿਹਾ ਸੀ। ਉਨ੍ਹਾਂ ਦੀ ਗੱਡੀ ਨੇ ਸੜਕ ’ਤੇ ਖੱਡੇ ਭਰ ਰਹੇ ਟਰਾਲੀ ਵਾਲਿਆਂ ਕੋਲ ਬਰੇਕ ਮਾਰ ਲਈ। ਪੁੱਛੇ ਜਾਣ ’ਤੇ ਉਨ੍ਹਾਂ ਦੱਸਿਆ ਕਿ ਉਹ ਕੋਈ ਸਰਕਾਰੀ ਕਰਮਚਾਰੀ ਨਹੀਂ ਹਨ, ਸਗੋਂ ਨਿੱਜੀ ਤੌਰ ’ਤੇ ਮਲਬਾ ਪਾ ਕੇ ਸੜਕ ’ਤੇ ਪਏ ਖੱਡੇ ਪੂਰ ਰਹੇ ਹਨ। ਸੁਖਬੀਰ ਬਾਦਲ ਨੇ ਇਸ ਦੀ ਵੀਡੀਓ ਬਣਾਉਂਦਿਆ ‘ਆਪ’ ਸਰਕਾਰ ’ਤੇ ਨਿਸ਼ਾਨੇ ਸੇਧੇ। ਉਨ੍ਹਾਂ ਕਿਹਾ ਕਿ ਸੱਤ ਸਾਲ ਪਹਿਲਾਂ ਬਣੀ ਇਸ ਸੜਕ ਦੀ ਕਿਸੇ ਨੇ ਵੀ ਸਾਰ ਨਹੀਂ ਲਈ।
ਸੁਖਬੀਰ ਬਾਦਲ ਨੇ ਕਿਹਾ ਕਿ ‘ਆਪ’ ਵਿਧਾਇਕਾਂ ਦੀ ਕਥਿਤ ਹੱਲਾਸ਼ੇਰੀ ਕਾਰਨ ਸੂਬੇ ਵਿੱਚ ਕਾਨੂੰਨ ਵਿਵਸਥਾ ਢਹਿ-ਢੇਰੀ ਹੋ ਗਈ ਹੈ ਤੇ ਨਸ਼ਾ ਤਸਕਰੀ ਵੱਧ ਗਈ ਹੈ। ਉਨ੍ਹਾਂ ਨਾਜਾਇਜ਼ ਮਾਈਨਿੰਗ ਮਾਮਲੇ ’ਚ ਵਿਧਾਇਕ ਦੇ ਜੀਜੇ ਨੂੰ ਗ੍ਰਿਫ਼ਤਾਰ ਕਰਨ ਵਾਲੇ ਅਧਿਕਾਰੀ ਨੂੰ ਤਬਾਦਲੇ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਵਿਧਾਇਕ ਵੱਲੋਂ ਸਰਕਾਰ ਨੂੰ ਕਥਿਤ ਬਲੈਕਮੇਲ ਕੀਤੇ ਜਾਣ ਕਰਕੇ ਇਹ ਤਬਾਦਲਾ ਕੀਤਾ ਗਿਆ ਹੈ।
ਅਕਾਲੀ ਦਲ ਦੇ ਪ੍ਰਧਾਨ ਨੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਵਰ੍ਹਦਿਆਂ ਕਿਹਾ ਕਿ ਅੱਜ ਸਮਾਜ ਦਾ ਹਰ ਵਰਗ ਪੀੜਤ ਹੈ, ਜਦੋਂ ਕਿ ਪੰਜਾਬ ਦੇ ਵੋਟਰਾਂ ਨੇ ‘ਆਪ’ ਨੂੰ ਬਹੁਤ ਵੱਡੇ ਬਹੁਮੱਤ ਨਾਲ ਸਰਕਾਰ ਦੀ ਵਾਗਡੋਰ ਸੌਂਪੀ ਸੀ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਆਮ ਆਦਮੀ ਪਾਰਟੀ ਨੇ ਪਹਿਲਾਂ ਬਾਦਲ ਸਰਕਾਰ ਵੱਲੋਂ ਦਿੱਤੀ ਜਾ ਰਹੀ 200 ਯੂਨਿਟ ਮੁਫਤ ਬਿਜਲੀ ਦੀ ਸਹੂਲਤ ਨਾਲੋਂ 100 ਯੂਨਿਟ ਵੱਧ ਬਿਜਲੀ ਦਿੱਤੀ। ਬਦਲੇ ਵਿੱਚ ਸਰਕਾਰ ਨੇ ਤੇਲ ਕੀਮਤਾਂ ਵਿਚ 2.50 ਰੁਪਏ ਪ੍ਰਤੀ ਲੀਟਰ ਵਾਧਾ ਕਰ ਦਿੱਤਾ ਅਤੇ ਸ਼ਗਨ ਸਕੀਮ, ਐੱਸਸੀ ਸਕਾਲਰਸ਼ਿਪ ਸਕੀਮ, ਲੜਕੀਆਂ ਲਈ ਮੁਫ਼ਤ ਸਾਈਕਲਾਂ ਤੇ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਸਮੇਤ ਸਾਰੇ ਸਮਾਜ ਭਲਾਈ ਲਾਭ ਬੰਦ ਕਰ ਦਿੱਤੇ।
ਇਹ ਵੀ ਪੜ੍ਹੋ: Paddy Procurement: ਸੀਐਮ ਭਗਵੰਤ ਮਾਨ ਦਾ ਐਲਾਨ, ਮੰਡੀ 'ਚ ਫਸਲ ਦੀ ਢੇਰੀ ਲਾਉਂਦਿਆਂ ਹੀ ਕਿਸਾਨਾਂ ਦੇ ਖਾਤੇ 'ਚ ਪੈ ਜਾਣਗੇ ਪੈਸੇ