ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਬਗਾਵਤ ਨੂੰ ਠੱਲ੍ਹ ਪਾਉਣ ਲਈ ਮੋਰਚਾ ਸੰਭਾਲ ਲਿਆ ਹੈ। ਕੁਝ ਲੀਡਰਾਂ ਵੱਲੋਂ ਬਾਗੀ ਸੁਰਾਂ ਵਿਖਾਉਣ ਮਗਰੋਂ ਸੁਖਬੀਰ ਬਾਦਲ ਨੇ ਮੀਟਿੰਗਾਂ ਦਾ ਸਿਲਸਿਲਾ ਵਿੱਢ ਦਿੱਤਾ ਹੈ। ਉਨ੍ਹਾਂ ਨੇ ਆਪਣੇ ਕਰੀਬੀਆਂ ਨੂੰ ਇੱਕਜੁੱਟ ਕਰਦਿਆਂ ਬਾਗੀ ਸੁਰਾਂ ਵਾਲੇ ਲੀਡਰਾਂ ਨੂੰ ਸਖਤੀ ਦਾ ਸੁਨੇਹਾ ਵੀ ਦੇ ਦਿੱਤਾ ਹੈ। ਅਹਿਮ ਗੱਲ ਹੈ ਕਿ ਸੁਖਬੀਰ ਬਾਦਲ ਨੇ ਬਾਗੀ ਸੁਰਾਂ ਵਾਲੇ ਲੀਡਰਾਂ ਖਿਲਾਫ ਇੱਕ ਵੀ ਸ਼ਬਦ ਨਹੀਂ ਬੋਲਿਆ ਸਗੋਂ ਆਪਣੇ ਕਰੀਬੀਆਂ ਨੂੰ ਇਸ ਜ਼ਿੰਮੇਵਾਰੀ ਸੌਂਪੀ ਹੈ। 


ਇਸ ਬਾਰੇ ਵਿਰਸਾ ਸਿੰਘ ਵਲਟੋਹਾ, ਇਕਬਾਲ ਸਿੰਘ ਝੂੰਦਾ ਤੇ ਮਨਤਾਰ ਸਿੰਘ ਬਰਾੜ ਨੇ ਕਿਹਾ ਕਿ ਸੁਖਬੀਰ ਬਾਦਲ ਹੀ ਪਾਰਟੀ ਦੇ ਪ੍ਰਧਾਨ ਸਨ ਤੇ ਭਵਿੱਖ ਵਿੱਚ ਵੀ ਉਹੀ ਪ੍ਰਧਾਨ ਰਹਿਣਗੇ। ਉਨ੍ਹਾਂ ਨੇ ਸੁਖਬੀਰ ਬਾਦਲ ਦੀ ਕਾਰਗੁਜ਼ਾਰੀ ਤੇ ਕਾਰਜਸ਼ੈਲੀ ’ਤੇ ਟਿੱਪਣੀਆਂ ਕਰਨ ਵਾਲੇ ਆਗੂਆਂ ਦੀਆਂ ਗਤੀਵਿਧੀਆਂ ਨੂੰ ਅਨੁਸਾਸ਼ਨਹੀਣਤਾ ਦੱਸਦਿਆਂ ਬਾਗ਼ੀ ਆਗੂਆਂ ਖ਼ਿਲਾਫ਼ ਜ਼ਾਬਤਾ ਕਾਰਵਾਈ ਦੇ ਸੰਕੇਤ ਦਿੱਤੇ ਹਨ। ਵਿਰਸਾ ਸਿੰਘ ਵਲਟੋਹਾ ਨੇ ਤਾਂ ਬਾਗੀ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ’ਤੇ ਭਾਜਪਾ ਨਾਲ ਸਾਂਝ ਪਾਉਣ ਤੇ ਦਲ ਨੂੰ ਕਮਜ਼ੋਰ ਕਰਨ ਦੇ ਦੋਸ਼ ਵੀ ਲਾਏ। ਆਗੂਆਂ ਨੇ ਕਿਹਾ ਕਿ ਜਿਵੇਂ ਮਹਾਰਾਸ਼ਟਰ ਵਿੱਚ ਭਾਜਪਾ ਨੇ ਸ਼ਿਵ ਸੈਨਾ ਨੂੰ ਕਮਜ਼ੋਰ ਕੀਤਾ ਹੈ, ਉਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਕਮਜ਼ੋਰ ਕਰਨ ਦੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ। 



ਉਨ੍ਹਾਂ ਕਿਹਾ ਕਿ ਬੀਤੇ ਸਮੇਂ ’ਚ ਅਕਾਲੀ ਦਲ ਨੇ ਹੁਣ ਤੱਕ ਕਈ ਚੁਣੌਤੀਆਂ ਦਾ ਡੱਟ ਕੇ ਮੁਕਾਬਲਾ ਕੀਤਾ ਹੈ ਤੇ ਭਵਿੱਖ ਵਿੱਚ ਵੀ ਹਰ ਚੁਣੌਤੀ ਦਾ ਸਾਹਮਣਾ ਕੀਤਾ ਜਾਵੇਗਾ। ਆਗੂਆਂ ਨੇ ਇਹ ਵੀ ਦਾਅਵਾ ਕੀਤਾ ਕਿ ਇਕਬਾਲ ਸਿੰਘ ਝੂੰਦਾਂ ਦੀ ਅਗਵਾਈ ਵਾਲੀ ਕਮੇਟੀ ਨੇ ਜੋ ਰਿਪੋਰਟ ਦਿੱਤੀ ਹੈ ਉਸ ਵਿੱਚ ਕਿਤੇ ਵੀ ਸੁਖਬੀਰ ਬਾਦਲ ਨੂੰ ਪ੍ਰਧਾਨਗੀ ਦੇ ਅਹੁਦੇ ਤੋਂ ਲਾਹੁਣ ਦਾ ਜ਼ਿਕਰ ਨਹੀਂ ਹੈ। ਵਲਟੋਹਾ ਨੇ ਕਿਹਾ ਕਿ ਵਿਰੋਧੀ ਸਿਆਸੀ ਪਾਰਟੀਆਂ ਨੂੰ ਵੀ ਅਕਾਲੀ ਦਲ ਜਾਂ ਪਾਰਟੀ ਦੇ ਪ੍ਰਧਾਨ ਖ਼ਿਲਾਫ਼ ਝੂਠਾ ਪ੍ਰਚਾਰ ਕਰਨ ’ਤੇ ਕਰਾਰਾ ਜਵਾਬ ਦਿੱਤਾ ਜਾਵੇਗਾ।


ਅਕਾਲੀ ਦਲ ਦੇ ਆਗੂਆਂ ਨੇ ਕਿਹਾ ਕਿ ਹਰ ਪਾਰਟੀ ਵਿੱਚ ਅੰਦਰੂਨੀ ਜਮਹੂਰੀਅਤ ਤਹਿਤ ਪਾਰਟੀ ਪਲੈਟਫਾਰ ’ਤੇ ਗੱਲ ਕਰਨ ਦੀ ਖੁੱਲ੍ਹ ਹੁੰਦੀ ਹੈ, ਪਰ ਜੇਕਰ ਕੋਈ ਆਗੂ ਜਨਤਕ ਤੌਰ ’ਤੇ ਪਾਰਟੀ ਦੀਆਂ ਨੀਤੀਆਂ ਜਾਂ ਪਾਰਟੀ ਦੇ ਆਗੂ ਦੀ ਅਲੋਚਨਾ ਕਰਦਾ ਹੈ ਤਾਂ ਉਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਵੀ ਅਜਿਹੇ ਆਗੂਆਂ ਦੀਆਂ ਗਤੀਵਿਧੀਆਂ ਨੂੰ ਸਹਿਣ ਨਹੀਂ ਕਰੇਗਾ। 


ਇਕਬਾਲ ਸਿੰਘ ਝੂੰਦਾ ਨੇ ਕਿਹਾ ਕਿ ਜੇਕਰ ਅਕਾਲੀ ਦਲ ਵਿੱਚ ਕੋਈ ਕਮੀ ਹੈ ਤਾਂ ਉਹ ਦੂਰ ਕੀਤੀ ਜਾਵੇਗੀ ਤੇ ਪਾਰਟੀ ਦਾ ਨਵਾਂ ਰੂਪ ਲੋਕਾਂ ਸਾਹਮਣੇ ਲਿਆਂਦਾ ਜਾਵੇਗਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਹਰ ਤਰ੍ਹਾਂ ਦੀ ਲੜਾਈ ਸੁਖਬੀਰ ਬਾਦਲ ਦੀ ਲੀਡਰਸ਼ਿਪ ਹੇਠ ਹੀ ਲੜੇਗਾ ਤੇ ਪਾਰਟੀ ਦੇ ਕਿਸੇ ਵੀ ਆਗੂ ਨੂੰ ਵਿਰੋਧੀਆਂ ਦੀਆਂ ਚਾਲਾਂ ’ਚ ਆ ਕੇ ਹੱਥਠੋਕੇ ਬਣਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। 


ਦੱਸ ਦਈਏ ਕਕਿ ਕਿ ਸ਼੍ਰੋਮਣੀ ਅਕਾਲੀ ਦਲ ਅੰਦਰ ਚੱਲ ਰਹੀ ਉਥਲ ਪੁੱਥਲ ਦੌਰਾਨ ਹੀ ਵੀਰਵਾਰ ਨੂੰ ਜ਼ਿਲ੍ਹਾ ਪ੍ਰਧਾਨਾਂ ਦੀ ਮੀਟਿੰਗ ਬੁਲਾਈ ਗਈ ਸੀ। ਇਸੇ ਤਰ੍ਹਾਂ ਅੱਜ ਸਾਬਕਾ ਵਿਧਾਇਕਾਂ ਅਤੇ ਵਰਕਿੰਗ ਕਮੇਟੀ ਦੇ ਮੈਂਬਰਾਂ ਦੀ ਮੀਟਿੰਗ ਹੋਵੇਗੀ। ਪਾਰਟੀ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਕੁਝ ਦਿਨ ਪਹਿਲਾਂ ਪਾਰਟੀ ਦੇ ਸਾਰੇ ਵਿੰਗ ਭੰਗ ਕਰ ਦਿੱਤੇ ਸਨ। ਇਸ ਤੋਂ ਬਾਅਦ ਜਿਵੇਂ ਹੀ ਪਾਰਟੀ ਅੰਦਰ ਬਾਗ਼ੀ ਗਤੀਵਿਧੀਆਂ ਵਧਣ ਲੱਗੀਆਂ ਤਾਂ ਪਾਰਟੀ ਦੇ ਵਿੰਗਾਂ ਦੀਆਂ ਮੀਟਿੰਗ ਦਾ ਸਿਲਸਿਲਾ ਆਰੰਭ ਕਰ ਦਿੱਤਾ।