ਤਲਵੰਡੀ ਸਾਬੋ: ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਆਮ ਆਦਮੀ ਪਾਰਟੀ 'ਤੇ ਹਮਲਾ ਬੋਲਿਆ ਹੈ। ਸੁਖਬੀਰ ਬਾਦਲ ਨੇ ਆਪ ਦੇ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਦੇ ਦਾਅਵੇ ਨੂੰ ਝੂਠ ਕਰਾਰ ਦਿੱਤਾ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਗੁਜਰਾਤ ਤੇ ਹਿਮਾਚਲ 'ਚ ਜਾ ਕੇ ਕਹਿ ਰਹੇ ਹਨ ਕਿ ਪੰਜਾਬ ਵਿੱਚ ਭ੍ਰਿਸ਼ਟਾਚਾਰ ਖ਼ਤਮ ਕਰ ਦਿੱਤਾ, ਜੋ ਕਿ ਝੂਠ ਹੈ। ਸੁਖਬੀਰ ਬਾਦਲ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਸਿਆਸੀ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸੀ।



ਬਾਦਲ ਨੇ ਆਪ ਸਰਕਾਰ ਖਿਲਾਫ ਬੋਲਦੇ ਕਿਹਾ ਕਿ "ਜਿੰਨੇ ਇਨ੍ਹਾਂ ਦੇ ਮੰਤਰੀ ਹਨ, ਹਰ ਇੱਕ ਨਾਲ ਦਿੱਲੀ ਦਾ ਬੰਦਾ ਲਾ ਦਿੱਤਾ ਗਿਆ ਹੈ। ਰਾਜ ਸਭਾ ਵਿੱਚ ਵੀ ਕੋਈ ਆਮ ਆਦਮੀ ਤਾਂ ਛੱਡੋ ਇਨ੍ਹਾਂ ਨੇ ਕੋਈ ਪੰਜਾਬੀ ਨਹੀਂ ਲਗਾਇਆ। ਪੰਜਾਬ ਨੂੰ ਲੈ ਕੇ ਕਈ ਵੱਡੇ ਮੁੱਦੇ ਹਨ ਜਿਵੇਂ BBMB ਦਾ ਮਸਲਾ, ਇਨ੍ਹਾਂ ਨੇ ਰਾਜ ਸਭਾ ਵਿੱਚ ਇੱਕ ਵੀ ਮੁੱਦਾ ਨਹੀਂ ਚੁੱਕਿਆ।"

ਕੇਜਰੀਵਾਲ ਨੂੰ ਘੇਰਦੇ ਹੋਏ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ, "ਪੰਜਾਬ ਪੁਲਿਸ ਦੇ 90 ਦੇ ਕਰੀਬ ਪੁਲਿਸ ਮੁਲਾਜ਼ਮ ਅੱਜ ਕੇਜਰੀਵਾਲ ਦੀ ਸੁਰੱਖਿਆ ਵਿੱਚ ਲਾ ਦਿੱਤੇ ਗਏ ਹਨ। ਬਿਜਲੀ ਸੰਕਟ 'ਤੇ 300 ਯੂਨਿਟ ਮਾਫ ਕਰਨ ਦੇ ਐਲਾਨ 'ਤੇ ਬੋਲਦਿਆਂ ਬਾਦਲ ਨੇ ਕਿਹਾ, "2.90 ਪੈਸੇ ਬਿਜਲੀ ਪੰਜਾਬ ਵਿੱਚ ਤਿਆਰ ਹੁੰਦੀ ਹੈ। ਪੰਜਾਬ ਦੇ ਲੋਕ ਹੁਣੇ ਤੋਂ ਜਨਰੇਟਰ ਤੇ ਇਨਵੇਟਰ ਖਰੀਦ ਲੈਣ।"