Punjab News: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਮ ਆਦਮੀ ਪਾਰਟੀ ਸਰਕਾਰ ਦੇ ਡੇਢ ਸਾਲ ਪੂਰੇ ਹੋਣ ’ਤੇ ਆਪਣੀਆਂ ਪ੍ਰਾਪਤੀਆਂ ਨੂੰ ਉਜਾਗਰ ਕਰਨ ਵਾਸਤੇ ਇੱਕ ਦਿਨ ਵਿੱਚ 25 ਕਰੋੜ ਰੁਪਏ ਬਰਬਾਦ ਕਰਨ ਦੀ ਨਿਖੇਧੀ ਕੀਤੀ ਤੇ ਕਿਹਾ ਕਿ ਸਰਕਾਰ ਕੋਲ ਵਿਕਾਸ, ਬੁਨਿਆਦੀ ਢਾਂਚੇ ਤੇ ਸਮਾਜ ਭਲਾਈ ਮੁਹਾਜ਼ ’ਤੇ ਵਿਖਾਉਣ ਵਾਸਤੇ ਕੱਖ ਨਹੀਂ ਹੈ।


ਕਠਪੁਤਲੀ ਮੁੱਖ ਮੰਤਰੀ ਵੱਲੋਂ ਸੂਬੇ ਤੇ ਦੇਸ਼ ਭਰ ਦੇ ਸੂਬਾ ਹੈਡਕੁਆਰਟਰਾਂ ’ਤੇ ਸਾਰੇ ਪ੍ਰਮੁੱਖ ਅਖ਼ਬਾਰਾਂ ਵਿਚ ਅੱਜ ਸਰਕਾਰ ਦੀਆਂ ਅਖੌਤੀ ਪ੍ਰਾਪਤੀਆਂ ਦਰਸਾਉਂਦੇ ਦਿੱਤੇ ਇਸ਼ਤਿਹਾਰਾਂ ਨੂੰ ਅਕਾਲੀ ਦਲ ਦੇ ਪ੍ਰਧਾਨ ਨੇ ਝੂਠ ਦਾ ਪੁਲੰਦਾ ਕਰਾਰ ਦਿੱਤਾ। ਉਹਨਾਂ ਕਿਹਾ ਕਿ ਢੋਂਗੀ ਆਮ ਆਦਮੀ ਪਾਰਟੀ ਜੋ ਕਿ ਲੁਟੇਰਿਆਂ ਦੀ ਪਾਰਟੀ ਹੈ, ਤੋਂ ਸੂਬੇ ਵਿਚ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਸਾਰੀ ਜਵਾਬਦੇਹੀ ਲਈ ਜਾਵੇਗੀ। ਉਹਨਾਂ ਕਿਹਾ ਕਿ ਇਸ ਸਰਕਾਰ ਨੇ ਇਸ਼ਤਿਹਾਰਬਾਜ਼ੀ ’ਤੇ 750 ਕਰੋੜ ਰੁਪਏ ਖਰਚ ਕੀਤੇ ਹਨ ਜਿਸ ਵਿਚੋਂ 25 ਫੀਸਦੀ ਪੈਸਾ ਆਪ ਦੇ ਅਹੁਦੇਦਾਰਾਂ ਨੇ ਕਮਿਸ਼ਨ ਦੇ ਰੂਪ ਵਿਚ ਵਾਪਸ ਲੈ ਲਿਆ ਤੇ ਸਰਕਾਰੀ ਫੰਡਾਂ ਦੀ ਦੁਰਵਰਤੋਂ ਵੱਖਰੀ ਕੀਤੀ। ਉਹਨਾਂ ਨੇ ਸਰਕਾਰ ’ਤੇ 50 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਚੁੱਕਣ ਦਾ ਦੋਸ਼ ਲਾਇਆ ਤੇ ਕਿਹਾ ਕਿ ਥਰਮਲ ਪਲਾਂਟ, ਸੜਕ ਜਾਂ ਸਿੰਜਾਈ ਪ੍ਰਾਜੈਕਟਾਂ ਵਾਸਤੇ ਕੱਖ ਨਾ ਕਰਨ ਤੇ ਬੁਢਾਪਾ ਪੈਨਸ਼ਨ ਤੇ ਸ਼ਗਨ ਤੇ ਹੋਰ ਸਮਾਜ ਭਲਾਈ ਸਕੀਮਾਂ ਵਿਚ ਕਟੌਤੀ ਕਰਨ ਦਾ ਵੀ ਦੋਸ਼ ਲਾਇਆ ਤੇ ਕਿਹਾ ਕਿ ਪੰਜਾਬੀਆਂ ਨੂੰ ਕੇਂਦਰ ਸਰਕਾਰ ਤੋਂ ਸਿਰਫ ਕਣਕ ਮਿਲ ਰਹੀ ਹੈ ਤੇ ਆਪ ਸਰਕਾਰ ਕੁਝ ਨਹੀਂ ਦੇ ਰਹੀ।


ਬਾਦਲ ਨੇ ਮੁੱਖ ਮੰਤਰੀ ਵੱਲੋਂ ਇਸ਼ਤਿਹਾਰ ਵਿੱਚ ਦਿੱਤੇ ਹਰ ਨੁਕਤੇ ਦੇ ਦਾਅਵੇ ਨੂੰ ਬੇਨਕਾਬ ਕੀਤਾ ਤੇ ਦੱਸਿਆ ਕਿ ਮੁੱਖ ਮੰਤਰੀ ਨੇ ਦਾਅਵਾ ਕੀਤਾ ਹੈ ਕਿ 37 ਹਜ਼ਾਰ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ ਜਦੋਂ ਕਿ ਉਹ ਇਹ ਨਹੀਂ ਦੱਸ ਸਕੇ ਕਿ ਕਿਹੜੀਆਂ ਨੌਕਰੀਆਂ ਦਿੱਤੀਆਂ ਹਨ। ਉਹਨਾਂ ਕਿਹਾ ਕਿ ਕੁਝ ਨੌਕਰੀਆਂ ਜਿਹੜੀਆਂ ਦਿੱਤੀਆਂ ਹਨ, ਉਹਨਾਂ ਵਿਚ ਸਭ ਤੋਂ ਵੱਡਾ ਲਾਭ ਬਾਹਰਲੇ ਰਾਜਾਂ ਦੇ ਉਮੀਦਵਾਰ ਲੈ ਗਏ ਹਨ। ਉਹਨਾਂ ਦੱਸਿਆ ਕਿ ਪੀ ਐਸ ਪੀ ਸੀ ਐਲ ਦੀਆਂ 1370 ਨੌਕਰੀਆਂ ਵਿਚੋਂ 534 ਉਮੀਦਵਾਰ ਹਰਿਆਣਾ ਤੇ 94 ਰਾਜਸਥਾਨ ਦੇ ਹਨ ਜਿਹਨਾਂ ਨੂੰ ਨੌਕਰੀ ਮਿਲੀ। ਉਹਨਾਂ ਕਿਹਾ ਕਿ ਪੰਜਾਬ ਪੁਲਿਸ ਵੱਲੋਂ ਭਰਤੀ ਕੀਤੇ 7 ਸਬ ਇੰਸਪੈਕਟਰਾਂ ਵਿਚੋਂ ਛੇ ਹਰਿਆਣਾ ਤੋਂ ਹਨ। ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਵਿਚ ਹੋਈ ਭਰਤੀ ਵਿਚ 300 ਪੰਜਾਬ ਤੋਂ ਬਾਹਰਲੇ ਹਨ ਜਦੋਂ ਕਿ ਪਸ਼ੂ ਪਾਲਣ ਵਿਭਾਗ ਨੇ 134 ਬਾਹਰਲੇ ਵਿਅਕਤੀਆਂ ਨੂੰ ਰੋਜ਼ਗਾਰ ਦਿੱਤਾ ਹੈ।


ਅਕਾਲੀ ਦਲ ਦੇ ਪ੍ਰਧਾਨ ਨੇ ਆਪ ਸਰਕਾਰ ਵੱਲੋਂ ਸੂਬੇ ਵਿਚ ਵਿਸ਼ਵ ਪੱਧਰੀ ਸਿਹਤ ਬੁਨਿਆਦੀ ਢਾਂਚਾ ਬਣਾਉਣ ਦੇ ਦਾਅਵੇ ਦਾ ਮਖੌਲ ਉਡਾਉਂਦਿਆਂ ਕਿਹਾ ਕਿ ਸਰਕਾਰ ਨੇ ਪਿਛਲੀ ਅਕਾਲੀ ਸਰਕਾਰ ਵੱਲੋਂ ਬਣਾਏ ਸੇਵਾ ਕੇਂਦਰਾਂ ’ਤੇ ਮੁਹੱਲਾ ਕਲੀਨਿਕਾਂ ਦੇ ਬੋਰਡ ਲਗਾ ਕੇ ਤਸਵੀਰਾਂ ਛਪਵਾ ਲਈਆਂ ਹਨ। ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਦਾਅਵਾ ਕਰ ਰਹੇ ਹਨ ਕਿ ਸੂਬੇ ਵਿਚ 50 ਕਰੋੜ ਰੁਪਏ ਦਾ ਨਿਵੇਸ਼ ਹੋਇਆ ਹੈ ਪਰ ਸਰਕਾਰ ਉਸ ਇੱਕ ਵੀ ਕੰਪਨੀ ਦਾ ਨਾਂ ਦੱਸਣ ਵਿਚ ਨਾਕਾਮ ਰਹੀ ਹੈ ਜਿਸਨੇ ਸੂਬੇ ਵਿਚ ਨਿਵੇਸ਼ ਕੀਤਾ ਹੋਵੇ। 


ਬਾਦਲ ਨੇ ਕਿਹਾ ਕਿ ਆਪ ਸਰਕਾਰ ਵਿਚ ਮੁੱਖ ਮੰਤਰੀ ਦੇ ਦਾਅਵੇ ਤੋਂ ਉਲਟ ਭ੍ਰਿਸ਼ਟਾਚਾਰ ਕਈ ਗੁਣਾ ਵੱਧ ਗਿਆ ਹੈ। ਉਹਨਾਂ ਕਿਹਾ ਕਿ ਹਰ ਕੰਮ ਲਈ ਪੈਸਾ ਮੰਗਿਆ ਜਾ ਰਿਹਾ ਹੈ ਭਾਵੇਂ ਉਹ ਐਨ ਓ ਸੀ ਹੋਵੇ ਜਾਂ ਜ਼ਮੀਨ ਦੀ ਰਜਿਸਟਰੀ ਹੋਵੇ। ਉਹਨਾਂ ਕਿਹਾ ਕਿ ਆਪ ਵਿਧਾਇਕ ਸ਼ਰ੍ਹੇਆਮ ਰੇਤ ਦੀ ਨਜਾਇਜ਼ ਮਾਇਨਿੰਗ ਕਰ ਰਹੇ ਹਨ ਤੇ ਨਸ਼ਾ ਸਮੱਗਲਰਾਂ ਦੀ ਪੁਸ਼ਤ ਪਨਾਹੀ ਕਰ ਰਹੇ ਹਨ। ਉਹਨਾਂ ਕਿਹਾ ਕਿ ਡਾ. ਵਿਜੇ ਸਿੰਗਲਾ, ਅਮਿਤ ਰਤਨ ਤੇ ਫੌਜਾ ਸਿੰਘ ਸਰਾਰੀ ਵਰਗੇ ਜਿਹੜੇ ਵਿਧਾਇਕਾਂ ’ਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ, ਉਹ ਹਾਲੇ ਵੀ ਆਪ ਦਾ ਹਿੱਸਾ ਹਨ ਤੇ ਪਾਰਟੀ ਵਿਚੋਂ ਨਹੀਂ ਕੱਢਿਆ ਗਿਆ।