ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬੀਤੇ ਦਿਨ ਜੇਲ੍ਹ ਵਿੱਚ ਕਤਲ ਹੋਏ ਡੇਰਾ ਪ੍ਰੇਮੀ ਤੇ ਬੇਅਦਬੀ ਕਾਂਡ ਦੇ ਮੁੱਖ ਮੁਲਜ਼ਮ ਮਹਿੰਦਰ ਪਾਲ ਬਿੱਟੂ ਦੇ ਕਤਲ ਮਾਮਲੇ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਸੁਖਬੀਰ ਨੇ ਇਹ ਵੀ ਕਿਹਾ ਕਿ ਜੇਲ੍ਹ ਵਿੱਚ ਕਤਲ ਹੋਣਾ ਵੱਡੀ ਗੱਲ ਹੈ।


ਆਪਣੀ ਪਤਨੀ ਤੇ ਕੇਂਦਰੀ ਮੰਤਰੀ ਨਾਲ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ ਸੁਖਬੀਰ ਬਾਦਲ ਨੇ ਕਿਹਾ ਕਿ ਬੇਅਦਬੀ ਮਾਮਲੇ ਨਾਲ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹਨ। ਜੇਲ੍ਹ ਵਿੱਚ ਕਤਲ ਹੋਣਾ ਬਹੁਤ ਵੱਡੀ ਗੱਲ ਹੈ, ਇਸ ਦੀ ਜਾਂਚ ਹੋਈ ਚਾਹੀਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਾਂਗਰਸ ਸਰਕਾਰ 'ਤੇ ਝੂਠੇ ਪੁਲਿਸ ਮੁਕਾਬਲੇ ਕਰਵਾਉਣ ਦਾ ਦੋਸ਼ ਵੀ ਲਾਇਆ ਤੇ ਕਿਹਾ ਕਿ ਅਕਾਲੀ ਦਲ ਨੇ ਹਮੇਸ਼ਾ ਇਨ੍ਹਾਂ ਦੇ ਖ਼ਿਲਾਫ਼ ਆਵਾਜ਼ ਚੁੱਕੀ ਹੈ।

ਬਾਦਲ ਨੇ ਕਿਹਾ ਕਿ ਪੰਜਾਬ ਵਿੱਚ ਸਰਕਾਰ ਨਾਂ ਦੀ ਚੀਜ਼ ਹੈ ਹੀ ਨਹੀਂ, ਕੋਈ ਮੰਤਰੀ ਆਪਣਾ ਅਹੁਦਾ ਨਹੀਂ ਸੰਭਾਲ ਰਿਹਾ ਤੇ ਕਈ ਕੁਰਸੀ ਪਿੱਛੇ ਲੜੀ ਜਾਂਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਨਵਜੋਤ ਸਿੰਘ ਸਿੱਧੂ ਨੂੰ ਬਿਜਲੀ ਮਹਿਕਮਾ ਨਹੀਂ ਚਾਹੀਦਾ ਤਾਂ ਉਹ ਅਸਤੀਫ਼ਾ ਦੇ ਦੇਣ, ਕਿਉਂਕਿ ਉਹ ਸੁਵਿਧਾਵਾਂ ਤਾਂ ਮੰਤਰੀ ਵਾਲੀਆਂ ਹੀ ਮਾਣ ਰਹੇ ਹਨ।