Sukhbir Badal : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਉੱਪਰ ਵੱਡਾ ਇਲਜ਼ਾਮ ਲਾਇਆ ਹੈ। ਉਨ੍ਹਾਂ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਇਮਾਰਤਾਂ ਤੇ ਸਕੀਮਾਂ ਦੇ ਨਾਂ ਬਦਲ ਕੇ ਪੰਜਾਬੀਆਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰਨੀ ਬੰਦ ਕਰ ਦੇਣ। ਸੁਖਬੀਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਵੇਲੇ ਜਿਹੜੇ 74 ਸੁਵਿਧਾ ਕੇਂਦਰ ਬਣਾਏ ਗਏ ਸਨ, ਉਨ੍ਹਾਂ ਨੂੰ ਮੁੱਖ ਮੰਤਰੀ ‘ਆਮ ਆਦਮੀ ਕਲੀਨਿਕ’ ਦਾ ਨਾਂ ਦੇ ਕੇ ਸਸਤੀ ਸ਼ੋਹਰਤ ਹਾਸਲ ਕਰ ਰਹੇ ਹਨ।



ਉਨ੍ਹਾਂ ‘ਆਪ’ ਸਰਕਾਰ ਵੱਲੋਂ 300 ਯੂਨਿਟ ਮੁਫ਼ਤ ਬਿਜਲੀ ਦੀ ਸਕੀਮ ਵਿੱਚੋਂ 90 ਫੀਸਦ ਪੰਜਾਬੀਆਂ ਨੂੰ ਬਾਹਰ ਕਰਨ ਦੀ ਵੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਸੁਖਬੀਰ ਬਾਦਲ ਨੇ ਕਿਹਾ ਕਿ ‘ਆਪ’ ਨੇ ਪੰਜਾਬ ਵਿੱਚ 75 ਕਲੀਨਿਕ ਖੋਲ੍ਹ ਕੇ ਮੁਹੱਲਾ ਕਲੀਨਿਕ ਦੀ ਵਿਵਸਥਾ ਦਾ ਮਖੌਲ ਬਣਾਇਆ ਹੈ। ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਨੇ ਲੋਕਾਂ ਨੂੰ ਘਰਾਂ ਨੇੜੇ ਸਹੂਲਤ ਦੇਣ ਲਈ ਸੁਵਿਧਾ ਕੇਂਦਰ ਬਣਾਏ ਸਨ।

ਉਨ੍ਹਾਂ ਕਿਹਾ ਕਿ ਮੰਦਭਾਗੀ ਗੱਲ ਹੈ ਕਿ ‘ਆਪ’ ਸਰਕਾਰ ਨੇ 10 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਲੈ ਲਿਆ ਹੈ, ਜਦਕਿ ਇਨ੍ਹਾਂ ਕੋਲ ਵਿਖਾਉਣ ਲਈ ਕੁਝ ਨਹੀਂ ਹੈ, ਪਰ ਇਹੀ ਪੈਸਾ 3 ਹਜ਼ਾਰ ਸਬ-ਸੈਂਟਰਾਂ ਤੇ ਡਿਸਪੈਂਸਰੀਆਂ ਨੂੰ ਮਜ਼ਬੂਤ ਕਰਨ ’ਤੇ ਖਰਚਿਆ ਜਾ ਸਕਦਾ ਸੀ। ਇਸੇ ਤਰੀਕੇ ਸਰਕਾਰ ਨੂੰ ਜ਼ਿਲ੍ਹਾ ਪੱਧਰੀ ਸਿਵਲ ਹਸਪਤਾਲਾਂ ’ਚ ਬੁਨਿਆਦੀ ਢਾਂਚਾ ਮਜ਼ਬੂਤ ਕਰਨ ਅਤੇ ਨਾਲ ਹੀ ਸੁਪਰ ਸਪੈਸ਼ਲਿਟੀ ਸਹੂਲਤਾਂ ਸ਼ੁਰੂ ਕਰਨ ਦੀ ਜ਼ਰੂਰਤ ਹੈ।

‘ਆਪ’ ਵੱਲੋਂ ਸ਼ੁਰੂ ਕੀਤੀ 300 ਯੂਨਿਟ ਮੁਫ਼ਤ ਬਿਜਲੀ ਸਕੀਮ ਦੀ ਗੱਲ ਕਰਦਿਆਂ ਬਾਦਲ ਨੇ ਕਿਹਾ ਕਿ ਇਹ ਸਕੀਮ ਬਹੁਤ ਸਾਰੀਆਂ ਸ਼ਰਤਾਂ ਨਾਲ ਸ਼ੁਰੂ ਕੀਤੀ ਗਈ ਹੈ ਤਾਂ ਜੋ ਇਸ ਦਾ ਲਾਭ ਕਿਸੇ ਨੂੰ ਨਾ ਮਿਲੇ। ਇਸ ਸਕੀਮ ਤਹਿਤ ਲਾਭ ਲੈਣ ਵਾਲੇ ਪਰਿਵਾਰਾਂ ਦੀ ਗਿਣਤੀ ਅਕਾਲੀ ਸਰਕਾਰ ਵੇਲੇ ਦੋ ਸੌ ਯੂਨਿਟ ਮੁਫ਼ਤ ਦੀ ਸਹੂਲਤ ਲੈਣ ਵਾਲੇ ਪਰਿਵਾਰਾਂ ਨਾਲੋਂ ਵੀ ਘੱਟ ਹੈ।