Punjab News: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਨੂੰ ਘੇਰਿਆ ਹੈ। ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇੱਕ ਪੋਸਟ 'ਚ ਬਾਦਲ ਨੇ ਲਿਖਿਆ ਕਿ ਪੰਜਾਬ 'ਚ ਕਤਲ, ਨਸ਼ਾ ਤਸਕਰੀ, ਜ਼ਮੀਨ ਹੜੱਪਣ, ਗੈਰ-ਕਾਨੂੰਨੀ ਮਾਈਨਿੰਗ ਅਤੇ ਲੁੱਟ ਖੋਹ ਵਰਗੀਆਂ ਘਟਨਾਵਾਂ ਆਏ ਦਿਨ ਹੋ ਰਹੀਆਂ ਹਨ, ਪਰ ਮੁੱਖ ਮੰਤਰੀ ਆਪਣੇ ਦਿੱਲੀ ਦੇ ਬੌਸ ਅਰਵਿੰਦ ਕੇਜਰੀਵਾਲ ਲਈ ਡਰਾਈਵਰ ਦੀ ਭੂਮਿਕਾ ਨਿਭਾਉਣ ਵਿੱਚ ਰੁੱਝੇ ਹੋਏ ਹਨ ਅਤੇ ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਹੋਰ ਚੋਣਾਂ ਵਿੱਚ ਚੋਣ ਪ੍ਰਚਾਰ ਵਿੱਚ ਜੁਟੇ ਹੋਏ ਹਨ।
ਕੀ ਹੈ ਪੂਰਾ ਮਾਮਲਾ
ਦਰਅਸਲ ਇਹ ਵੀਡੀਓ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ਼ੇਅਰ ਕੀਤੀ ਹੈ। ਇਹ ਗੱਲ ਬਠਿੰਡਾ ਦੀ ਹੈ ਜਿੱਥੇ ਸਵੇਰੇ ਕਰੀਬ 5 ਵਜੇ ਮੰਦਰ ਜਾਂਦੇ ਸਮੇਂ ਬਦਮਾਸ਼ਾਂ ਨੇ ਇੱਕ ਔਰਤ ਨੂੰ ਆਪਣਾ ਸ਼ਿਕਾਰ ਬਣਾਇਆ। ਦਰਅਸਲ ਮੋਟਰਸਾਇਕਲ ਸਵਾਰ ਲੁਟੇਰੇ ਔਰਤ ਦੀਆਂ ਵਾਲੀਆ ਖੋਹ ਕੇ ਫਰਾਰ ਹੋ ਗਏ। ਇਸ ਦੌਰਾਨ ਝਪਟਮਾਰਾਂ ਨੂੰ ਫੜਨ ਦੀ ਕੋਸ਼ਿਸ਼ ਕਰਦੇ ਹੋਏ ਔਰਤ ਹੇਠਾਂ ਡਿੱਗ ਗਈ ਪਰ ਫਿਰ ਵੀ ਲੁਟੇਰਿਆਂ ਨੇ ਔਰਤ ਨੂੰ ਧੱਕਾ ਦੇ ਕੇ ਉਸ ਦੇ ਕੰਨਾਂ ਦੀਆਂ ਵਾਲੀਆਂ ਖੋਹ ਲਈਆਂ। ਇਹ ਸਾਰੀ ਘਟਨਾ ਇੱਕ ਸੀਸੀਟੀਵੀ ਵੀਡੀਓ ਵਿੱਚ ਕੈਦ ਹੋ ਗਈ ਹੈ।
ਕੁਝ ਦਿਨ ਪਹਿਲਾਂ ਬਠਿੰਡਾ ਵਿੱਚ ਹੋਇਆ ਸੀ ਵਪਾਰੀ ਦਾ ਕਤਲ
ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਬਠਿੰਡਾ ਵਿੱਚ ਮਾਲ ਰੋਡ ਐਸੋਸੀਏਸ਼ਨ ਦੇ ਪ੍ਰਧਾਨ ਹਰਜਿੰਦਰ ਸਿੰਘ ਮੇਲਾ ਦੀ ਦਿਨ ਦਿਹਾੜੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਹਰਜਿੰਦਰ ਸਿੰਘ ਮੇਲਾ ਆਪਣੀ ਦੁਕਾਨ ਦੇ ਬਾਹਰ ਕੁਰਸੀ 'ਤੇ ਬੈਠਾ ਸੀ ਜਦੋਂ ਬਾਈਕ 'ਤੇ ਸਵਾਰ ਲੁਟੇਰਿਆਂ ਨੇ ਉਸ 'ਤੇ ਗੋਲੀਆਂ ਚਲਾ ਦਿੱਤੀਆਂ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਇਸ ਘਟਨਾ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਘੇਰਿਆ ਸੀ। ਐਕਸ 'ਤੇ ਆਪਣੀ ਪੋਸਟ 'ਚ ਲਿਖਿਆ ਸੀ ਕਿ ਪੰਜਾਬ 'ਚ ਆਮ ਆਦਮੀ ਪਾਰਟੀ ਦੇ ਸ਼ਾਸਨ 'ਚ ਅਜਿਹੀਆਂ ਘਟਨਾਵਾਂ ਆਮ ਹੋ ਗਈਆਂ ਹਨ। ਸਮੁੱਚਾ ਵਪਾਰੀ ਭਾਈਚਾਰਾ ਡਰ ਦਾ ਮਾਹੌਲ ਹੈ।