ਚੰਡੀਗੜ੍ਹ: ਪੰਜਾਬ ਏਕਤਾ ਪਾਰਟੀ ਦੇ ਸੁਖਪਾਲ ਸਿੰਘ ਖਹਿਰਾ ਨੇ ਮੰਗਲਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੂੰ ਆੜੇ ਹੱਥੀਂ ਲਿਆ। ਉਨ੍ਹਾਂ ਸੁਖਬੀਰ ਬਾਦਲ 'ਤੇ ਬੀਜੇਪੀ ਦੇ ਦਬਾਅ ਹੇਠ ਸਿੱਖਾਂ ਨਾਲ ਧੋਖਾ ਕਮਾਉਣ ਤੇ ਤਿੰਨ ਬੇਅਦਬੀ ਮਾਮਲਿਆਂ ਵਿੱਚ ਸੀਬੀਆਈ ਦੀ ਕਲੋਜ਼ਰ ਰਿਪੋਰਟ 'ਤੇ ਆਪਣਾ ਸਟੈਂਡ ਬਦਲਣ ਦੇ ਇਲਜ਼ਾਮ ਲਾਏ ਹਨ।

ਖਹਿਰਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਕੋਰ ਕਮੇਟੀ ਦੀ ਮੀਟਿੰਗ ਵਿੱਚ ਸੀਬੀਆਈ ਦੀ ਕਲੋਜ਼ਰ ਰਿਪੋਰਟ ਨੂੰ ਨਕਾਰ ਦਿੱਤਾ ਸੀ ਤੇ ਘਟਨਾਕ੍ਰਮ 'ਤੇ ਚਿੰਤਾ ਜਤਾਈ ਸੀ। ਹੁਣ ਪਾਰਟੀ ਦੇ ਮਤੇ ਤੋਂ ਉਲਟ ਸੁਖਬੀਰ ਬਾਦਲ ਨੇ ਆਪਣਾ ਸਟੈਂਡ ਮੁਕੰਮਲ ਤੌਰ 'ਤੇ ਬਦਲ ਲਿਆ। ਉਹ ਸ਼ਰ੍ਹੇਆਮ ਡੇਰਾ ਸਿਰਸਾ ਪ੍ਰੇਮੀਆਂ ਦੀ ਹਮਾਇਤ ਵਿੱਚ ਆ ਗਏ ਹਨ।

ਖਹਿਰਾ ਨੇ ਯਾਦ ਦਵਾਇਆ ਕਿ ਬੀਤੇ ਕੱਲ੍ਹ ਸੁਖਬੀਰ ਬਾਦਲ ਨੇ ਅੰਮ੍ਰਿਤਸਰ 'ਚ ਮੀਡੀਆ ਨੂੰ ਕਿਹਾ ਸੀ ਕਿ ਬੇਅਦਬੀ ਮਾਮਲਿਆਂ ਵਿੱਚ ਡੇਰਾ ਪ੍ਰੇਮੀਆਂ ਦੀ ਗ੍ਰਿਫ਼ਤਾਰੀ ਤਕਨੀਕੀ ਤੌਰ 'ਤੇ ਗਲਤ ਸੀ। ਉਨ੍ਹਾਂ ਕਿਹਾ ਸੀ ਕਿ ਸੀਬੀਆਈ ਨੂੰ ਉਨ੍ਹਾਂ ਖਿਲਾਫ ਕੋਈ ਵੀ ਸਬੂਤ ਨਹੀਂ ਮਿਲਿਆ। ਖਹਿਰਾ ਨੇ ਕਿਹਾ ਕਿ ਸੁਖਬੀਰ ਬਾਦਲ ਨੇ ਬੀਜੇਪੀ ਦੇ ਕਹਿਣ 'ਤੇ ਇਸ ਸਾਲ ਹੋਣ ਵਾਲੀਆਂ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਆਪਣਾ ਸਟੈਂਡ ਬਦਲਿਆ ਹੈ।

ਉਨ੍ਹਾਂ ਸੁਖਬੀਰ ਬਾਦਲ ਨੂੰ ਯਾਦ ਦਿਵਾਇਆ ਕਿ ਬਾਦਲ ਸਰਕਾਰ ਵੱਲੋਂ ਹੀ ਬਣਾਈ ਗਈ ਡੀਆਈਜੀ ਆਰਐਸ ਖੱਟੜਾ ਦੀ ਅਗਵਾਈ ਵਾਲੀ ਐਸਆਈਟੀ ਨੇ ਮਾਮਲਿਆਂ ਵਿੱਚ ਡੇਰਾ ਪ੍ਰੇਮੀਆਂ ਦੀ ਸ਼ਮੂਲੀਅਤ ਪਾਈ ਸੀ। ਮਾਮਲੇ ਦੇ ਮੁੱਖ ਦੋਸ਼ੀਆਂ ਵਿੱਚੋਂ ਇੱਕ ਮਹਿੰਦਰਪਾਲ ਦਾ ਪਿਛਲੇ ਮਹੀਨੇ ਨਾਭਾ ਜੇਲ੍ਹ ਵਿੱਚ ਭੇਤਭਰੇ ਹਾਲਾਤ ਵਿੱਚ ਕਤਲ ਕਰ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ CBI ਦੀ ਕਲੋਜ਼ਰ ਰਿਪੋਰਟ ਖੱਟੜਾ ਦੀ ਅਗਵਾਈ ਵਾਲੀ SIT ਵੱਲੋਂ ਇਕੱਠੇ ਕੀਤੇ ਸਬੂਤਾਂ ਦੇ ਪੂਰੀ ਤਰ੍ਹਾਂ ਉਲਟ ਹੈ।

ਖਹਿਰਾ ਨੇ ਕਿਹਾ ਕਿ ਹੁਣ ਇਹ ਮੁਕੰਮਲ ਤੌਰ 'ਤੇ ਸਪੱਸ਼ਟ ਹੋ ਗਿਆ ਹੈ ਕਿ ਬਾਦਲ ਸਰਕਾਰ ਨੇ ਬੇਅਦਬੀ ਮਾਮਲਿਆਂ ਦੀ ਜਾਂਚ ਸੀਬੀਆਈ ਨੂੰ ਸਿਆਸੀ ਮਕਸਦ ਨਾਲ ਸੌਂਪੀ ਸੀ ਤਾਂ ਜੋ ਡੇਰਾ ਪ੍ਰੇਮੀਆਂ ਨੂੰ ਭਵਿੱਖ ਵਿੱਚ ਕਿਸੇ ਪ੍ਰਕਾਰ ਦੀ ਵੀ ਪੰਜਾਬ ਪੁਲਿਸ ਦੀ ਜਾਂਚ ਤੋਂ ਬਚਾਇਆ ਜਾ ਸਕੇ। ਉਨ੍ਹਾਂ ਹੈਰਾਨੀ ਜਤਾਈ ਕਿ ਪੰਜਾਬ ਪੁਲਿਸ ਨੂੰ ਕੇਸ ਵਾਪਸ ਕਰਨ ਦੀ ਬਜਾਏ ਸੀਬੀਆਈ ਨੇ ਕਲੋਜ਼ਰ ਰਿਪੋਰਟ ਫਾਈਲ ਕਰ ਦਿੱਤੀ। ਸੀਬੀਆਈ ਦੀ ਕਲੋਜ਼ਰ ਰਿਪੋਰਟ ਤੇ ਸੁਖਬੀਰ ਬਾਦਲ ਦਾ ਬਿਆਨ ਡੇਰਾ ਪ੍ਰੇਮੀਆਂ ਨੂੰ ਕਲੀਨ ਚਿੱਟ ਦੇਣ ਦੇ ਬੀਜੇਪੀ ਦੇ ਮਕਸਦ ਨੂੰ ਹੋਰ ਪੁਖਤਾ ਕਰਦੇ ਹਨ।