ਗੈਂਗਸਟਰ ਰਵੀ ਦਿਓਲ ਨੂੰ ਢੀਂਡਸਾ ਦਾ ਜਵਾਬ
ਏਬੀਪੀ ਸਾਂਝਾ | 04 Feb 2018 03:54 PM (IST)
ਪੁਰਾਣੀ ਤਸਵੀਰ
ਸੰਗਰੂਰ: ਗੈਂਗਸਟਰ ਰਵੀ ਦਿਓਲ ਵੱਲੋਂ ਸਾਬਕਾ ਵਿੱਤ ਮੰਤਰੀ ਦੇ ਓ.ਐਸ.ਡੀ. ਅਮਨਵੀਰ ਸਿੰਘ ਚੈਰੀ ਤੇ ਉਸ ਦੇ ਦੋਸਤਾਂ 'ਤੇ ਲਾਏ ਗੰਭੀਰ ਇਲਜ਼ਾਮਾਂ ਤੋਂ ਬਾਅਦ ਅੱਜ ਚੈਰੀ ਦੇ ਮਾਸੜ ਸੁਖਦੇਵ ਸਿੰਘ ਢੀਂਡਸਾ ਉਸ ਦਾ ਬਚਾਅ ਕਰਨ ਲਈ ਨਿੱਤਰ ਆਏ। ਅਕਾਲੀ ਦਲ ਦੇ ਸੀਨੀਅਰ ਲੀਡਰ ਤੇ ਸਾਬਕਾ ਰਾਜ ਸਭਾ ਮੈਂਬਰ ਨੇ ਇਸ ਮਾਮਲੇ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਦਿਆਂ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਦੇ ਪੁੱਤਰ ਰਾਹੁਲ ਇੰਦਰ ਸਿੰਘ ਤੇ ਸੁਨਾਮ ਦੀ ਕਾਂਗਰਸੀ ਆਗੂ ਗੱਗੀ ਬਾਜਵਾ ਨੂੰ ਇਸ ਦਾ ਸੂਤਰਧਾਰ ਦੱਸਿਆ। ਢੀਂਡਸਾ ਨੇ ਕਿਹਾ ਕਿ ਪੁਲਿਸ ਇਸ ਮਾਮਲੇ ਦੀ ਪੜਤਾਲ ਸਿਆਸਤ ਤੋਂ ਦੂਰ ਹੋ ਕੇ ਕਰੇ। ਉਨ੍ਹਾਂ ਇਲਜ਼ਾਮ ਲਾਇਆ ਕਿ ਭੱਠਲ ਦੇ ਪੁੱਤਰ ਰਾਹੁਲ ਇੰਦਰ ਸਿੰਘ ਤੇ ਸੁਨਾਮ ਦੇ ਬਾਜਵਾ ਨੇ ਗੈਂਗਸਟਰ ਨੂੰ ਪੁਲਿਸ ਕੋਲ ਪੇਸ਼ ਕਰਵਾਇਆ ਹੈ। ਉਨ੍ਹਾਂ ਇਲਜ਼ਾਮ ਲਾਇਆ ਕਿ ਦੋਵੇਂ ਆਗੂ ਰਵੀ ਦਿਓਲ ਨੂੰ ਪੁਲਿਸ ਥਾਣੇ ਜਾ ਕੇ ਮਿਲਦੇ ਰਹੇ ਹਨ। ਢੀਂਡਸਾ ਨੇ ਕਿਹਾ ਕਿ ਸੀ.ਸੀ.ਟੀ.ਵੀ. ਵੀਡੀਓਜ਼ ਕਢਵਾਏ ਜਾਣ ਤਾਂ ਜੋ ਸਾਰਾ ਮਾਮਲਾ ਸਾਫ ਹੋ ਸਕੇ। ਸੁਖਦੇਵ ਸਿੰਘ ਢੀਂਡਸਾ ਨੇ ਇਹ ਵੀ ਕਿਹਾ ਕਿ ਚੈਰੀ ਕੋਲ ਪਾਰਟੀ ਦਾ ਕੋਈ ਅਹੁਦਾ ਨਹੀਂ। ਉਨ੍ਹਾਂ ਕਿਹਾ ਕਿ ਉਹ ਉਨ੍ਹਾਂ ਦੇ ਪੁੱਤਰ ਤੇ ਸਾਬਕਾ ਵਿੱਤ ਮੰਤਰੀ ਦਾ ਓ.ਐਸ.ਡੀ. ਵੀ ਨਹੀਂ ਰਿਹਾ ਬਲਕਿ 15 ਸਾਲ ਪਹਿਲਾਂ ਉਨ੍ਹਾਂ ਨਾਲ ਬਤੌਰ ਓ.ਐਸ.ਡੀ. ਰਹਿ ਚੁੱਕਾ ਹੈ। ਗੈਂਗਸਟਰ ਰਵੀ ਦਿਓਲ ਨੇ ਬੀਤੇ ਕੱਲ੍ਹ ਕਿਹਾ ਸੀ ਕਿ ਉਸ ਨੂੰ ਸਾਬਕਾ ਅਕਾਲੀ ਮੰਤਰੀ ਦੇ ਰਿਸ਼ਤੇਦਾਰ ਤੇ ਸੰਗਰੂਰ ਤੋਂ ਅਕਾਲੀ ਲੀਡਰ ਅਮਨਵੀਰ ਸਿੰਘ ਚੈਰੀ ਨੇ ਹੀ ਗੈਂਗਸਟਰ ਬਣਾਇਆ ਹੈ। ਕਈ ਮਾਮਲਿਆਂ ਵਿੱਚ ਭਗੌੜੇ ਰਵੀ ਦਿਓਲ ਨੇ ਬੀਤੀ 30 ਜਨਵਰੀ ਨੂੰ ਆਤਮ ਸਮਰਪਣ ਕਰ ਦਿੱਤਾ ਸੀ। ਉਸ ਨੇ ਵੀਡੀਓ ਪਾ ਕੇ ਇਹ ਵੀ ਦੱਸਿਆ ਕਿ ਪੁਲਿਸ ਉਸ ਦਾ ਗੈਂਗਸਟਰ ਵਿੱਕੀ ਗੌਂਡਰ ਵਾਂਗ ਐਨਕਾਊਂਟਰ ਨਾ ਕਰ ਦੇਵੇ, ਇਸ ਲਈ ਉਹ ਸਮਰਪਣ ਕਰ ਰਿਹਾ ਹੈ।