ਚੰਡੀਗੜ੍ਹ: ਅਗਲੇ ਸਾਲ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ (Punjab Assembly Election 2022) ਤੋਂ ਪਹਿਲਾਂ ਪੰਜਾਬ ਵਿੱਚ ਸਿਆਸੀ ਸਰਗਮੀਆਂ ਵਧ ਗਈਆਂ ਹਨ। ਇਸੇ ਤਹਿਤ ਸ਼੍ਰੋਮਣੀ ਅਕਾਲੀ ਦਲ (Shiromani Akali Dal) ਤੋਂ ਵੱਖ ਹੋਏ ਟਕਸਾਲੀ ਲੀਡਰਾਂ ਨੇ ਐਲਾਨ ਕੀਤਾ ਹੈ ਕਿ ਪੰਜਾਬ ਨੂੰ ਕਾਂਗਰਸ, ਬਾਦਲਾਂ ਤੇ ਭਾਜਪਾ ਤੋਂ ਬਚਾਉਣ ਦੀ ਲੋੜ ਹੈ। ਇਸ ਲਈ ਸ਼੍ਰੋਮਣੀ ਅਕਾਲੀ ਦਲ (ਡੈਮੋਕਰੇਟਿਕ) ਤੇ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦਾ ਰਲੇਵਾਂ ਕਰਕੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦਾ ਗਠਨ ਕੀਤਾ ਗਿਆ ਹੈ।


ਦੋਵੇਂ ਪਾਰਟੀਆਂ ਦੇ ਰਲੇਵੇਂ ਤੋਂ ਬਾਅਦ ਨਵੀਂ ਪਾਰਟੀ ਦਾ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ (Ranjit Singh Brahmapura) ਨੂੰ ਸਰਪ੍ਰਸਤ ਤੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ (Sukhdev Singh Dhindsa) ਨੂੰ ਪ੍ਰਧਾਨ ਥਾਪਿਆ ਗਿਆ ਹੈ। ਟਕਸਾਲੀ ਲੀਡਰਾਂ ਨੇ ਐਲਾਨ ਕੀਤਾ ਹੈ ਕਿ ਨਵੇਂ ਅਕਾਲੀ ਦਲ ਰਾਹੀਂ ਸੂਬੇ ਦੇ ਲੋਕਾਂ ਨੂੰ ਬਦਲਵੀਂ ਸਿਆਸੀ ਸੋਚ ਤੇ ਸੱਚੀ-ਸੁੱਚੀ ਸਿਆਸਤ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਾਂਗਰਸ ਤੇ ਬਾਦਲਾਂ ਨੇ ਪੰਜਾਬ ਨੂੰ ਰੱਜ ਕੇ ਲੁੱਟਿਆ ਹੈ। ਅਕਾਲੀ ਆਗੂਆਂ ਨੇ ਬਾਦਲਾਂ ’ਤੇ ਪੰਥਕ ਮਰਿਆਦਾਵਾਂ ਦਾ ਘਾਣ ਕਰਨ ਤੇ ਸਿੱਖ ਸੰਸਥਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਵੀ ਲਾਏ ਹਨ।


ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਬਾਦਲ ਪਰਿਵਾਰ ਦਰਮਿਆਨ ਸਾਂਝ ਜੱਗ ਜ਼ਾਹਿਰ ਹੋ ਚੁੱਕੀ ਹੈ। ਇਹੀ ਕਾਰਨ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਪੁਲਿਸ ਗੋਲੀ ਕਾਂਡਾਂ ਦੇ ਦੋਸ਼ੀ ਅੱਜ ਤੱਕ ਫੜੇ ਨਹੀਂ ਗਏ। ਅਕਾਲੀ ਆਗੂਆਂ ਨੇ ਸੂਬੇ ਵਿੱਚ ਰੇਤ ਮਾਫੀਆ, ਟਰਾਂਸਪੋਰਟ ਮਾਫੀਆ, ਕੇਬਲ ਮਾਫੀਆ ਤੇ ਸ਼ਰਾਬ ਮਾਫੀਆ ਦਾ ਪਹਿਲਾਂ ਵਾਂਗ ਹੀ ਦੌਰ ਹੋਣ ਦੇ ਦੋਸ਼ ਵੀ ਲਾਏ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਹਮਖਿਆਲ ਪਾਰਟੀਆਂ ਨਾਲ ਸਾਂਝ ਪਾ ਕੇ ਪੰਜਾਬ ਨੂੰ ਮਾਫੀਆ ਤੋਂ ਮੁਕਤ ਕਰਾਇਆ ਜਾਵੇਗਾ।


ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਲੀਡਰਾਂ ਨੇ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਾਸੋਂ ਸਪੱਸ਼ਟੀਕਰਨ ਮੰਗਿਆ ਗਿਆ ਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਕਰੋਨਾ ਕਾਲ ਤੇ ਕਿਸਾਨ ਸੰਘਰਸ਼ ਦੌਰਾਨ ਦਾਨ ਵਜੋਂ ਆਈ ਰਕਮ ਦੇ ਵੇਰਵੇ ਸਬੰਧੀ ਵਾਈਟ ਪੇਪਰ ਜਾਰੀ ਕਰਨ ਦੀ ਮੰਗ ਕੀਤੀ ਗਈ।


ਇਹ ਵੀ ਪੜ੍ਹੋ: Unemployment Rate in India: ਕੋਰੋਨਾ ਦੀ ਨੌਕਰੀਆਂ 'ਤੇ ਵੱਡੀ ਮਾਰ, ਰਿਕਾਰਡ ਪੱਧਰ ‘ਤੇ ਪੁੱਜੀ ਬੇਰੁਜ਼ਗਾਰੀ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904