ਪਟਿਆਲਾ: ਪੰਜਾਬ ਦੇ ਕੈਬਨਿਟ ਮੰਤਰੀ ਨੇ ਕਿਹਾ ਹੈ ਕਿ ਬੇਅਦਬੀਆਂ ਤੇ ਗੋਲ਼ੀਕਾਂਡ ਦੀ ਪੜਤਾਲ ਕਰ ਰਹੀ ਵਿਸ਼ੇਸ਼ ਜਾਂਚ ਟੀਮ ਦੇ ਅਫ਼ਸਰ ਕੁੰਵਰ ਵਿਜੇ ਪ੍ਰਤਾਪ ਨੂੰ ਕਦੇ ਵੀ ਐਸਆਈਟੀ ਵਿੱਚੋਂ ਬਾਹਰ ਨਹੀਂ ਸੀ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਕੁੰਵਰ ਨੂੰ ਕੁਝ ਸਮੇਂ ਲਈ ਲਾਂਭੇ (ਵਿਦਡਰਾਅ) ਕੀਤਾ ਸੀ।


ਦਰਅਸਲ, ਕੁੰਵਰ ਵਿਜੇ ਪ੍ਰਤਾਪ ਨੂੰ ਚੋਣ ਕਮਿਸ਼ਨ ਨੇ ਚੋਣ ਜ਼ਾਬਤੇ ਦੀ ਉਲੰਘਣਾ ਕਾਰਨ ਐਸਆਈਟੀ ਤੋਂ ਹਟਾ ਦਿੱਤਾ ਸੀ। ਇਸ ਮਗਰੋਂ ਉਨ੍ਹਾਂ ਬੀਤੀ 23 ਤਾਰੀਖ਼ ਨੂੰ ਚਾਰਜਸ਼ੀਟ ਤਿਆਰ ਕਰ ਅਗਲੇ ਦਿਨ ਅਦਾਲਤ ਵਿੱਚ ਦੇ ਦਿੱਤੀ, ਜਿਸ ਮਗਰੋਂ ਇਹ ਵਿਵਾਦ ਖੜ੍ਹਾ ਹੋ ਗਿਆ ਕਿ ਕੁੰਵਰ ਵਿਜੇ ਪ੍ਰਤਾਪ ਚੋਣ ਕਮਿਸ਼ਨ ਦੀ ਰੋਕ ਦੇ ਬਾਵਜੂਦ ਵੀ ਕੰਮ ਕਰ ਰਹੇ ਸਨ ਜਦਕਿ ਚੋਣ ਜ਼ਾਬਤਾ 26 ਮਈ ਤਕ ਲਾਗੂ ਸੀ।

ਰੰਧਾਵਾ ਨੇ ਕਿਹਾ ਕਿ ਅਦਾਲਤ ਨੇ 24 ਮਈ ਨੂੰ ਐਸਆਈਟੀ ਦਾ ਚਲਾਨ ਸਵੀਕਾਰ ਕਰ ਲਿਆ। ਉਨ੍ਹਾਂ ਕਿਹਾ ਕਿ ਅਫ਼ਸਰ ਆਪਣਾ ਅਹੁਦਾ ਸੰਭਾਲਣ ਸਮੇਂ ਦੇਸ਼ ਸੇਵਾ ਦੀ ਸਹੁੰ ਚੁੱਕਦੇ ਹਨ ਨਾ ਕਿ ਕਿਸੇ ਸਿਆਸੀ ਪਾਰਟੀ ਦੀ। ਰੰਧਾਵਾ ਨੇ ਕਿਹਾ ਕਿ ਅਕਾਲੀ ਦਲ ਇਸ ਮਾਮਲੇ 'ਤੇ ਗ਼ਲਤ ਪ੍ਰਚਾਰ ਕਰ ਰਿਹਾ ਹੈ, ਜਦਕਿ ਬਾਦਲ ਨੂੰ ਹੁਣ ਜਾ ਕੇ ਅਦਾਲਤ ਵਿੱਚ ਆਪਣੀ ਸਫਾਈ ਪੇਸ਼ ਕਰਨ। ਮੰਤਰੀ ਨੇ ਕਿਹਾ ਕਿ ਕੈਪਟਨ ਨੇ ਬੇਅਦਬੀ ਮਾਮਲਿਆਂ ਵਿੱਚ ਜਿਸ ਨੂੰ ਨੰਗਾ ਕਰਨਾ ਸੀ ਉਹ ਕਰ ਦਿੱਤਾ।