ਚੰਡੀਗੜ੍ਹ: ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਵੀਂ ਪਾਰਟੀ ਬਣਾਉਣ ਦੇ ਐਲਾਨ ਮਗਰੋਂ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਉਨ੍ਹਾਂ ਉੱਪਰ ਵੱਡੇ ਇਲਜ਼ਾਮ ਲਾਏ ਹਨ। ਰੰਧਾਵਾ ਨੇ ਕਿਹਾ ਹੈ ਕਿ ਪੰਜਾਬ ਨੂੰ ਨਾ ਤਾਂ ਪਾਕਿਸਤਾਨ ਤੋਂ ਖਤਰਾ ਹੈ ਤੇ ਨਾ ਹੀ ਚੀਨ ਤੋਂ, ਪੰਜਾਬ ਨੂੰ ਸਿਰਫ ਕੈਪਟਨ ਦੀ ਗੱਦਾਰੀ ਤੋਂ ਖ਼ਤਰਾ ਹੈ।



ਰੰਧਾਵਾ ਨੇ ਕਿਹਾ ਕਿ ਕੈਪਟਨ ਵੱਲੋਂ ਨਵੀਂ ਪਾਰਟੀ ਬਣਾਉਣ ਦਾ ਫ਼ੈਸਲਾ ਕਾਂਗਰਸ ਪਾਰਟੀ ਦੀ ਪਿੱਠ ਪਿੱਛੇ ਛੁਰਾ ਮਾਰਨ ਵਰਗਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਨੂੰ ਬਾਦਲਾਂ ਨੇ ਬੇਇੱਜ਼ਤ ਕਰਕੇ ਕੱਢਿਆ ਸੀ ਤੇ ਉਸ ਵੇਲੇ ਕਾਂਗਰਸ ਨੇ ਉਨ੍ਹਾਂ ਦੀ ਬਾਂਹ ਫੜੀ ਸੀ। ਰੰਧਾਵਾ ਨੇ ਕਿਹਾ ਕਿ ਕੈਪਟਨ ਵੱਲੋਂ ਜੋ ਨਵੀਂ ਪਾਰਟੀ ਬਣਾਉਣ ਦੀ ਗੱਲ ਕੀਤੀ ਗਈ ਹੈ, ਉਸ ਤੋਂ ਦੁੱਖ ਹੋਇਆ ਹੈ।

ਰੰਧਾਵਾ ਨੇ ਕਿਹਾ ਕਿ ਕੈਪਟਨ ਮੌਕਾਪ੍ਰਸਤ ਲੀਡਰ ਹਨ। ਉਹ ਸਿਰਫ ਆਪਣੇ ਹਿੱਤਾਂ ਬਾਰੇ ਸੋਚਦੇ ਹਨ। ਉਹ ਕਿਸੇ ਵੇਲੇ ਅੱਤਵਾਦੀਆਂ ਨੂੰ ਵੀ ਮਿਲਦੇ ਰਹੇ ਹਨ। ਹੁਣ ਉਹ ਕਦੇ ਕੇਂਦਰੀ ਗ੍ਰਹਿ ਮੰਤਰੀ ਨੂੰ ਮਿਲ ਰਹੇ ਹਨ ਤੇ ਕਦੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਬਾਲ ਨੂੰ ਮਿਲ ਰਹੇ ਹਨ। ਸਵਾਲ ਹੈ ਕਿ ਉਨ੍ਹਾਂ ਪਹਿਲਾਂ ਤਿੰਨ ਸਾਲ ਅਜਿਹੀਆਂ ਮੀਟਿੰਗਾਂ ਕਿਉਂ ਨਹੀਂ ਕੀਤੀਆਂ। ਰੰਧਾਵਾ ਨੇ ਕਿਹਾ ਕਿ ਸਰਹੱਦ 'ਤੇ ਬੀਐਸਐਫ ਦੇ ਅਧਿਕਾਰ ਖੇਤਰ ਵਿੱਚ ਵਾਧਾ ਵੀ ਕੈਪਟਨ ਦੀ ਦੇਣ ਹੈ।

ਰੰਧਾਵਾ ਨੇ ਕਿਹਾ ਕਿ ਕੈਪਟਨ ਸੁਰੱਖਿਆ ਏਜੰਸੀਆਂ ਦੇ ਮਨੋਬਲ ਦੇ ਨਾਂ ਉੱਪਰ ਪੰਜਾਬੀਆਂ ਦਾ ਮਨੋਬਲ ਡੇਗ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਪਾਕਿਸਤਾਨ ਵਾਲੇ ਪਾਸਿਓਂ ਇੰਨਾ ਹੀ ਖਤਰਾ ਹੈ ਤਾਂ ਕੈਪਟਨ ਨੇ ਚਾਰ ਸਾਲ ਅਰੂਸਾ ਆਲਮ ਨੂੰ ਆਪਣੇ ਘਰ ਕਿਉਂ ਰੱਖਿਆ।

ਦੱਸ ਦਈਏ ਕਿ ਮਹੀਨਾ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ਛੱਡਣ ਵਾਲੇ ਕੈਪਟਨ ਅਮਰਿੰਦਰ ਸਿੰਘ ਦੀ ਅਗਲੀ ਰਣਨੀਤੀ ਸਾਹਮਣੇ ਆ ਗਈ ਹੈ। ਕੈਪਟਨ ਨੇ ਸਪੱਸ਼ਟ ਕੀਤਾ ਹੈ ਕਿ ਉਹ ਪੰਜਾਬ 'ਚ ਨਵੀਂ ਪਾਰਟੀ ਬਣਾਉਣਗੇ। ਇਸ ਰਾਹੀਂ ਉਹ 4 ਮਹੀਨਿਆਂ ਬਾਅਦ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲੜਨਗੇ। ਚੋਣਾਂ ਤੋਂ ਪਹਿਲਾਂ ਭਾਜਪਾ ਨਾਲ ਗਠਜੋੜ ਹੋਵੇਗਾ। ਇਸ ਲਈ ਤੈਅ ਹੈ ਕਿ ਕੈਪਟਨ ਹੁਣ ਪੰਜਾਬ ਵਿੱਚ ਬੀਜੇਪੀ ਦਾ ਸਹਾਰਾ ਬਣਨਗੇ। ਇਸ ਲਈ ਉਹ ਅਕਾਲੀ ਦਲ ਤੋਂ ਵੱਖ ਹੋਏ ਟਕਸਾਲੀ ਲੀਡਰਾਂ ਨਾਲ ਵੀ ਹੱਥ ਮਿਲਾਉਣਗੇ।